ਬਰਨਾਲਾ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ ਤਹਿਤ' ਆਪਣੇ ਹਲਕੇ ਬਰਨਾਲਾ ਵਿੱਚ ਅੱਜ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਰਕਤ ਕੀਤੀ ਗਈ। ਖੇਡ ਮੰਤਰੀ ਮੀਤ ਹੇਅਰ ਨੇ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਚੱਲ ਰਹੀਆਂ ਇਹਨਾਂ ਖੇਡਾਂ ਦੇ ਪ੍ਰਬੰਧਾਂ ਦਾ ਜਾਇਜਾ ਲਿਆ।
ਉਥੇ ਹੀ ਉਹਨਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਪੂਰੇ ਜੋਸ਼ ਨਾਲ ਕਰਵਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਸ ਤਰ੍ਹਾ ਦਾ ਖੇਡਾਂ ਦਾ ਮਾਹੌਲ ਪੰਜਾਬ ਵਿੱਚ ਨਹੀਂ ਸਿਰਜਿਆ, ਜਦਕਿ ਇਸ ਵਾਰ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਜਿਸ ਤਰ੍ਹਾਂ ਪੰਜਾਬ ਪਹਿਲਾਂ ਖੇਡਾਂ ਵਿੱਚ ਮੋਹਰੀ ਸੀ, ਉਸੇ ਤਰ੍ਹਾ ਪੰਜਾਬ ਦੇਸ਼ ਵਿੱਚੋਂ ਮੁੜ ਖੇਡਾਂ ਵਿੱਚ ਅੱਗੇ ਵਧੇਗਾ।
ਉਹਨਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਮੁੜ ਅੰਤਰਰਾਸ਼ਟਰੀ ਪੱਧਰ ਤੇ ਚਮਕਣਗੇ। ਉਹਨਾਂ ਖੇਡਾਂ ਦੇ ਪ੍ਰਬੰਧਾਂ ਸਬੰਧੀ ਕਿਹਾ ਕਿ ਸਰਕਾਰ ਨੂੰ ਇਹਨਾਂ ਖੇਡਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਪੂਰਾ ਸਹਿਯੋਗ ਕਰ ਰਹੀਆਂ ਹਨ। ਜਿਹਨਾਂ ਦਾ ਖੇਡ ਮੰਤਰੀ ਨੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਕ੍ਰਿਸਚੀਅਨ ਭਾਈਚਾਰੇ ਵੱਲੋਂ ਭਾਰੀ ਪੁਲਿਸ ਸੁਰੱਖਿਆ ਵਿੱਚ ਕਰਵਾਈ ਗਈ ਭਜਨ ਬੰਦਗੀ