ਬਰਨਾਲਾ: ਬਰਨਾਲਾ ਦੇ ਨੌਜਵਾਨ ਜਗਦੀਪ ਸਿੰਘ ਜੋ ਭਾਰਤੀ ਫ਼ੌਜ 'ਚ ਤੈਨਾਤ ਸੀ ਅਤੇ ਬੀਮਾਰੀ ਦੇ ਚੱਲਦਿਆਂ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਫ਼ੌਜੀ ਜਵਾਨ ਦਾ ਜਲੰਧਰ ਦੇ ਹਸਪਤਾਲ 'ਚ ਇਲਾਜ਼ ਚੱਲ ਰਿਹਾ ਸੀ, ਜਿਥੇ ਉਹ ਕੋਰੋਨਾ ਪੌਜ਼ੀਟਿਵ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਸਾਲ 2016 'ਚ ਜਗਦੀਪ ਸਿਆਚਿਨ 'ਚ ਡਿਊਟੀ ਦੌਰਾਨ ਬਰਫ਼ 'ਚ ਧਸ ਗਿਆ ਸੀ, ਜਿਸ ਕਾਰਨ ਉਸਦੀਆਂ ਲੱਤਾਂ ਨੂੰ ਨੁਕਸਾਨ ਹੋਇਆ। ਇਸ ਤੋਂ ਬਾਅਦ ਸ਼ਰੀਰ 'ਚ ਖੂਨ ਜੰਮਣ ਲੱਗਾ ਜਿਸਦਾ ਇਲਾਜ਼ ਨਾ ਹੋ ਸਕਿਆ। ਇਸ ਦੇ ਨਾਲ ਹੀ ਮ੍ਰਿਤਕ ਫ਼ੌਜੀ ਦੇ ਪਰਿਵਾਰ 'ਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਹੈ।
ਇਸ ਮੌਕੇ ਮ੍ਰਿਤਕ ਜਗਦੀਪ ਸਿੰਘ ਦੀ ਮ੍ਰਿਤਕ ਦੇਹ ਲੈਕੇ ਪਹੁੰਚੇ ਉਸਦੀ ਰੇਜੀਮੇਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਆਚਿਨ 'ਚ ਡਿਊਟੀ ਦੌਰਾਨ ਬਰਫ਼ 'ਚ ਧਸਣ ਕਾਰਨ ਜ਼ਖ਼ਮੀ ਹੋ ਗਿਆ ਸੀ ਅਤੇ ਉਸਦਾ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਲਾਜ਼ ਦੌਰਾਨ ਹੀ ਜਗਦੀਪ ਕੋਰੋਨਾ ਪੌਜ਼ੀਟਿਵ ਹੋ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰੇਜੀਮੇਂਟ ਵਲੋਂ ਜਗਦੀਪ ਨੂੰ ਸਲਾਮੀ ਦਿੱਤੀ ਗਈ ਹੈ।
ਇਸ ਮੌਕੇ ਜਗਦੀਪ ਦੇ ਪਿਤਾ ਦਾ ਕਹਿਣਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਪੁੱਤਰ ਦਾ ਇਲਾਜ਼ ਕਰਵਾ ਰਹੇ ਸੀ। ਉਨ੍ਹਾਂ ਦੀ ਕਿਸੇ ਨੇ ਵੀ ਮਦਦ ਨਾ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਵਲੋਂ ਕੋਈ ਸਾਰ ਲਈ ਗਈ ਤੇ ਨਾ ਹੀ ਫ਼ੌਜ ਵਲੋਂ ਇਲਾਜ਼ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਅੰਤਿਮ ਰਸਮਾਂ 'ਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮ੍ਰਿਤਕ ਜਗਦੀਪ ਦੀ ਪਤਨੀ ਅਤੇ ਦੋ ਧੀਆਂ ਹਨ ਅਤੇ ਜਿਸ ਕਾਰਨ ਉਸਦੀ ਪਤਨੀ ਨੂੰ ਨੌਕਰੀ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਨੇ ਕਮਾਂਡੋ ਬਲਰਾਜ ਸਿੰਘ ਨਾਲ ਕੀਤੀ ਗੱਲਬਾਤ