ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਆਪਣੀ ਲੜਾਈ ਲੜ ਰਹੇ ਹਨ। ਉੱਥੇ ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦਰਮਿਆਨ ਕਿਸਾਨਾਂ ਅਤੇ ਸਿਆਸੀ ਲੋਕਾਂ ਵਿੱਚ ਟੱਕਰ ਹੋ ਰਹੀ ਹੈ। ਜਿਸ ਦੀ ਝਲਕ ਮੋਗਾ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਦੇਖਣ ਨੂੰ ਮਿਲੀ। ਉੱਥੇ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਜਥੇਬੰਦੀ ਨਾਲ ਪੇਚਾ ਪੈ ਗਿਆ ਹੈ।
ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਨਾਲ ਸਬੰਧਤ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲਗਾਏ ਗਏ ਪੋਸਟਰਾਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਖ਼ਰਾਬ ਕਰ ਦਿੱਤਾ ਗਿਆ। ਜਿਸ ਦਾ ਇਲਜ਼ਾਮ ਪਿੰਡ ਦੇ ਅਕਾਲੀ ਆਗੂ ਵੱਲੋਂ ਬੀਕੇਯੂ ਕਾਦੀਆਂ ਦੇ ਅਹੁਦੇਦਾਰਾਂ ‘ਤੇ ਲਗਾਇਆ। ਅਤੇ ਕਿਸਾਨ ਜਥੇਬੰਦੀ ਨਾਲ ਜੁੜੇ ਨੌਜਵਾਨਾਂ ਨੂੰ ਫੋਨ 'ਤੇ ਅਕਾਲੀ ਲੀਡਰ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਹਨ। ਜਿਸ ਦੀ ਇਕ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਅਕਾਲੀ ਆਗੂ ਵੱਲੋਂ ਬੀਕੇਯੂ ਕਾਦੀਆਂ ਦੇ ਆਗੂਆਂ 'ਤੇ ਕੁੱਟਮਾਰ ਦੇ ਇਲਜ਼ਾਮ ਸਬੰਧੀ ਥਾਣਾ ਰੂੜੇਕੇ ਕਲਾਂ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਪਿੰਡ ਰੂੜੇਕੇ ਕਲਾਂ ਨਾਲ ਸਬੰਧਤ ਅਹੁਦੇਦਾਰਾਂ ਵੱਲੋਂ ਐੱਸ.ਐੱਸ.ਪੀ. ਬਰਨਾਲਾ ਨੂੰ ਮੰਗ ਪੱਤਰ ਦੇ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਛੀਨੀਵਾਲ ਨੇ ਦੱਸਿਆ, ਕਿ ਕੁੱਝ ਦਿਨ ਪਹਿਲਾਂ ਪਿੰਡ ਰੂੜੇਕੇ ਵਿਖੇ ਅਕਾਲੀ ਦਲ ਵੱਲੋਂ ਪੋਸਟਰ ਲਗਾਏ ਗਏ ਸਨ। ਜਿਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਖ਼ਰਾਬ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਅਕਾਲੀ ਆਗੂਆਂ ਨੇ ਇਹ ਇਲਜ਼ਾਮ ਕਿਸਾਨ ਜਥੇਬੰਦੀਆ ਦੇ ਅਹੁਦੇਦਾਰਾਂ ‘ਤੇ ਲਗਾਉਣੇ ਸ਼ੁਰੂ ਕਰ ਦਿੱਤੇ। ਜੋ ਸਰਾ ਸਰ ਝੂਠ ਹਨ।
ਉਧਰ ਇਸ ਸੰਬੰਧੀ ਤਪਾ ਸਬ ਡਵੀਜ਼ਨ ਦੇ ਡੀ.ਐੱਸ.ਪੀ. ਬਲਜੀਤ ਸਿੰਘ ਬਰਾੜ ਨੇ ਕਿਹਾ, ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਦੋਵਾਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਮਸਲਾ ਨਾ ਸੁਲਝਿਆ, ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।