ਬਰਨਾਲਾ: ਪੀਣ ਵਾਲੇ ਪਾਣੀ ਦੇ ਡਿੱਗਦੇ ਮਿਆਰ ਨੂੰ ਉਚਾ ਚੁੱਕਣ ਲਈ ਲਗਾਤਾਰ ਸਰਕਾਰਾਂ ਵਲੋਂ ਵੱਖ ਵੱਖ ਸਕੀਮਾਂ ਤਹਿਤ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪਿੰਡਾਂ ਵਿੱਚ ਗੰਦੇ ਪਾਣੀ ਦੀ ਮੁੜ ਵਰਤੋਂ ਨੂੰ ਲੈ ਕੇ ਸੀਚੇਵਾਲ ਮਾਡਲ ਲਿਆਂਦੇ ਗਏ ਹਨ। ਸੀਚੇਵਾਲ ਮਾਡਲ ਨਾਲ ਜਿੱਥੇ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਰਿਹਾ ਹੈ। ਉਥੇ ਪਿੰਡਾਂ ਦੇ ਸੁੰਦਰੀਕਰਨ ਵਿੱਚ ਇਸ ਦਾ ਵੱਡਾ ਯੋਗਦਾਨ ਪੈ ਰਿਹਾ ਹੈ। ਬਰਨਾਲਾ ਜ਼ਿਲੇ ਦੇ 16 ਪਿੰਡਾਂ ਵਿੱਚ ਸੀਚੇਵਾਲ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਚੱਲ ਰਿਹਾ ਹੈ। ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਸ ਮਾਡਲ ਦਾ ਫ਼ਾਇਦਾ ਉਠਾਉਂਦਿਆਂ ਛੱਪੜਾਂ ਨੂੰ ਝੀਲਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਇਸ ਮਾਡਲ ਨਾਲ ਪਾਣੀ ਦੀ ਬੱਚਤ ਵੀ ਵੱਡੇ ਪੱਧਰ ’ਤੇ ਹੋਵੇਗੀ, ਕਿਉਂਕਿ ਸੀਚੇਵਾਲ ਮਾਡਲ ਰਾਹੀਂ ਸਾਫ਼ ਹੋਇਆ ਪਾਣੀ ਫ਼ਸਲਾਂ ਲਈ ਵਰਤਿਆ ਜਾਂਦਾ ਹੈ।
ਇਸ ਸਬੰਧ ’ਚ ਪਿੰਡ ਦੇ ਸਰਪੰਚ ਹਰਸ਼ਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਛੱਪੜ ਵਿੱਚ ਪੂਰੇ ਪਿੰਡ ਦੇ ਪਾਣੀ ਨੂੰ ਸਟੋਰ ਕਰਨ ਦਾ ਇੰਤਜਾਮ ਕੀਤਾ ਗਿਆ ਹੈ ਅਤੇ ਇਸ ਪ੍ਰੋਜੇਕਟ ਵਿੱਚ ਪੂਰੀ ਪਾਈਪਲਾਈਨ ਵਿਛਾਈ ਗਈ ਹੈ। ਜਿਸ ਦਾ ਸਾਫ਼ ਪਾਣੀ ਝੀਲ ਵਿੱਚ ਆਵੇਗਾ, ਜਿਸਨੂੰ ਬਾਅਦ ਵਿੱਚ ਖੇਤਾਂ ਵਿੱਚ ਫ਼ਸਲਾਂ ਲਈ ਵੀ ਵਰਤਿਆ ਜਾਵੇਗਾ। ਉਹਨਾਂ ਦੱਸਿਆ ਕਿ ਸੀਚੇਵਾਲ ਮਾਡਲ ਉਹਨਾਂ ਦੇ ਪਿੰਡ ਲਈ ਵਰਦਾਨ ਸਾਬਤ ਹੋਵੇਗਾ।
ਇਹ ਵੀ ਪੜੋ: ਮੁੱਖ ਮੰਤਰੀ ਵੱਲੋਂ ਭਾਜਪਾ ਵਿਧਾਇਕ ਨਾਰੰਗ ’ਤੇ ਹਮਲੇ ਦੀ ਨਿਖੇਧੀ
ਇਸ ਸਾਰੇ ਪ੍ਰੋਜੈਕਟ ਸਬੰਧੀ ਪਿੰਡ ਵਾਸੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅੱਜ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਵੇਖਦੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਡਾਰਕ ਜ਼ੋਨ ਵਿੱਚ ਹਨ। ਇਸ ਵਿੱਚ ਬਰਨਾਲਾ ਵੀ ਡਾਰਕ ਜ਼ੋਨ ਵਿੱਚ ਆਉਂਦਾ ਹੈ। ਇਸ ਦੇ ਚਲਦੇ ਪਾਣੀ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਲਈ ਸਰਕਾਰ ਦੁਆਰਾ ਚਲਾਏ ਜਾ ਰਹੇ ਸੀਚੇਵਾਲ ਪ੍ਰੋਜੇਕਟ ਦੇ ਅਧੀਨ ਉਨ੍ਹਾਂ ਵੱਲੋਂ 16 ਪਿੰਡ ਵਿੱਚ ਇਸ ਪ੍ਰੋਜੇਕਟ ਉੱਤੇ ਕੰਮ ਕੀਤਾ ਜਾ ਰਿਹਾ ਹੈ।