ਬਰਨਾਲਾ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਹਦਾਇਤਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਉਪ ਮੰਡਲ ਮੈਜਿਸਟਰੇਟ, ਤਪਾ ਸਿਮਰਪ੍ਰੀਤ ਕੌਰ ਵੱਲੋਂ ਸਬ ਡਿਵੀਜ਼ਨ ਤਪਾ ਅਧੀਨ ਪੈਂਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਲਗਭਗ 56 ਸਕੂਲਾਂ ਦੀਆਂ ਵੈਨਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਸਨ। ਜਿਨਾਂ ਵਿਚ ਆਰ.ਸੀ., ਪ੍ਰਦੂਸ਼ਣ ਸਰਟੀਫਿਕੇਟ, ਡਰਾਈਵਰ ਦੀ ਵਰਦੀ, ਬੀਮਾ, ਵਹੀਕਲ ਪਰਮਿਟ ਆਦਿ ਵਰਗੀਆਂ ਤਰੁਟੀਆਂ ਪਾਈਆਂ ਗਈਆਂ। ਚੈਕਿੰਗ ਦੌਰਾਨ ਦਸਤਾਵੇਜ਼ ਪੂਰੇ ਨਾ ਕਰਨ ਵਾਲੇ ਸਕੂਲ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਕੁਝ ਵਾਹਨ ਬਿਨਾਂ ਦਸਤਾਵੇਜ਼ਾਂ ਤੋਂ ਹੋਣ ਕਰਕੇ ਸਕੂਲੀ ਬੱਚਿਆਂ ਨੂੰ ਘਰ ਪਹੁੰਚਾਉਣ ਤੋਂ ਬਾਅਦ ਇੰਪਾਊਂਡ ਕੀਤੇ ਗਏ।
ਇਸ ਤੋਂ ਇਲਾਵਾ ਮੌਕੇ ’ਤੇ ਸੇਫ ਸਕੂਲ ਵਾਹਨ ਸਕੀਮ ਦੀਆਂ ਹਦਾਇਤਾਂ ਸਬੰਧੀ ਡਰਾਈਵਰਾਂ/ਵਾਹਨ ਮਾਲਕਾਂ ਨੂੰ ਜਾਣੂ ਕਰਵਾਇਆ ਗਿਆ। ਚੈਕਿੰਗ ਦੌਰਾਨ ਇਹ ਵੀ ਪਾਇਆ ਗਿਆ ਕਿ ਤਿੰਨ ਸਕੂਲੀ ਬੱਚੇ ਇੱਕ ਐਕਟਿਵਾ ’ਤੇ ਸਵਾਰ ਹੋਕੇ ਜਾ ਰਹੇ ਸਨ, ਜਿਨਾਂ ਕੋਲ ਲਾਇਸੈਂਸ ਅਤੇ ਵਾਹਨ ਦੇ ਦਸਤਾਵੇਜ਼ ਮੌਜੂਦ ਨਹੀਂ ਸਨ। ਇਸ ਵਾਹਨ ਨੂੰ ਵੀ ਇੰਪਾਊਂਡ ਕੀਤਾ ਗਿਆ ਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਐਸਡੀਐਮ ਵੱਲੋਂ ਸਕੂਲ ਮੁਖੀ ਨੂੰ ਵੀ ਹਦਾਇਤ ਕੀਤੀ ਗਈ ਕਿ ਨਾਬਾਲਗ ਸਕੂਲੀ ਬੱਚਿਆਂ ਨੂੰ ਦੋਪਹੀਆ ਵਾਹਨ ’ਤੇ ਸਕੂਲ ਆਉਣ ਤੋਂ ਰੋਕਿਆ ਜਾਵੇ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ 'ਚ ਆਪਸੀ ਦੂਰੀਆਂ ਹਾਲੇ ਵੀ ਕਾਇਮ, ਸਿੱਧੂ ਨੇ ਆਪਣੀ ਹੀ ਪਾਰਟੀ 'ਤੇ ਚੁੱਕੇ ਸਵਾਲ