ਬਰਨਾਲਾ: ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਟੱਲੇਵਾਲ ਦਾ ਹੈ। ਜਿੱਥੇ ਬੀਤੀ ਰਾਤ ਸੰਤ ਸੁੰਤਰ ਸਿੰਘ ਕੈਨੇਡੀਅਨ ਅਕਾਲ ਅਕੈਡਮੀ ਵਿਖੇ ਚੋਰਾਂ ਨੇ 30 ਲੱਖ ਦੀ ਨਕਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਚੋਰੀ ਦੀ ਘਟਨਾ ਦਾ ਸਵੇਰ ਸਮੇਂ ਸਟਾਫ਼ ਨੂੰ ਪਤਾ ਲੱਗਣ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿੱਚ ਜੁਟ ਗਈ ਹੈ।
ਜਾਣਕਾਰੀ ਮੁਤਾਬਕ ਚੋਰ ਅਕੈਡਮੀ ਦੇ ਪਿਛਲੇ ਖੇਤਾਂ ਵਾਲੇ ਪਾਸਿਓਂ ਦਾਖ਼ਲ ਹੋਏ ਅਤੇ ਪ੍ਰਿੰਸੀਪਲ ਜਸਪ੍ਰੀਤ ਕੌਰ ਰੰਧਾਵਾ ਦੇ ਕਮਰੇ ਦਾ ਜ਼ਿੰਦਾ ਤੋੜ ਕੇ ਅੰਦਰ ਵੜ ਗਏ। ਜਿੱਥੇ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਇਸ ਤੋਂ ਬਾਅਦ ਚੋਰ ਅਕਾਊਂਟੈਂਟ ਗੁਰਦੀਪ ਸਿੰਘ ਦੇ ਕਮਰੇ ਵਿੱਚ ਦਾਖ਼ਲ ਹੋ ਗਏ। ਜਿੱਥੇ ਉਨ੍ਹਾਂ ਵੱਲੋਂ ਅਲਮਾਰੀ ਦੀ ਭੰਨਤੋੜ ਕਰਕੇ 30 ਲੱਖ ਦੇ ਕਰੀਬ ਨਕਦੀ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ।
ਸੀਸੀਟੀਵੀ ਕੈਮਰਿਆਂ ਵਿੱਚ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਹਨ। ਅਕਾਊਂਟੈਂਟ ਅਤੇ ਪ੍ਰਿੰਸੀਪਲ ਦੇ ਦੱਸਣ ਮੁਤਾਬਕ ਚੋਰੀ ਹੋਈ 30 ਲੱਖ ਦੀ ਰਾਸ਼ੀ ਬੱਚਿਆਂ ਦੀ ਫ਼ੀਸਾਂ ਦੀ ਸੀ। ਜੋ ਲਗਾਤਾਰ ਚਾਰ ਦਿਨ ਬੈਂਕਾਂ ਬੰਦ ਰਹਿਣ ਕਾਰਨ ਜਮਾਂ ਨਹੀਂ ਕਰਵਾਈ ਜਾ ਸਕੀ।
ਘਟਨਾ ਦਾ ਪਤਾ ਲੱਗਦਿਆਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਐਸਪੀ (ਪੀਬੀਆਈ) ਬਰਨਾਲਾ ਜਗਵਿੰਦਰ ਸਿੰਘ ਚੀਮਾ, ਡੀਐਸਪੀ ਮਹਿਲ ਕਲਾਂ ਕੁਲਦੀਪ ਸਿੰਘ, ਸੀਆਈਏ ਸਟਾਫ਼ ਇੰਚਾਰਜ਼ ਇੰਸ.ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਅਕੈਡਮੀ ਪਹੁੰਚੇ।
ਐਸਐਚਓ ਨੇ ਦੱਸਿਆ ਕਿ ਚੋਰੀ ਦੀ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਅਕਾਊਟੈਂਟ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ।