ਬਰਨਾਲਾ: ਬਹੁ- ਚਰਚਿਤ ਕਿਰਨਜੀਤ ਕੌਰ ਕਤਲ ਕਾਂਡ ਮਾਮਲੇ ਸਬੰਧੀ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਦੇ ਮਾਮਲੇ ਵਿੱਚ ਬਰਨਾਲਾ ਦੀ ਜੇਲ੍ਹ ਅੱਗੇ 15ਵੇਂ ਦਿਨ ਵੱਡਾ ਇਕੱਠ ਜੁੜਿਆ। ਇਸ ਦੌਰਾਨ ਪੁੱਜੀਆਂ ਸੰਘਰਸ਼ ਕਮੇਟੀਆਂ ਨੇ ਪੰਜਾਬ ਸਰਕਾਰ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ।
ਇਸ ਬਾਰੇ ਕਮੇਟੀ ਦਾ ਕਹਿਣਾ ਹੈ ਕਿ ਜੇ 2 ਦਿਨਾਂ ਵਿੱਚ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਸਬੰਧੀ ਸਰਕਾਰ ਨੇ ਕੋਈ ਠੋਸ ਅੱਪਡੇਟ ਨਾ ਦਿੱਤੀ ਤਾਂ ਉਹ ਪੰਜਾਬ ਭਰ ਦੀਆਂ ਸੜਕਾਂ, ਰੇਲ ਮਾਰਗ ਜਾਮ ਕਰਨ ਤੋਂ ਇਲਾਵਾ ਹੋਰ ਵੱਡੇ ਪੱਧਰ 'ਤੇ ਸੰਘਰਸ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਦੇ ਆਗੂ ਨਰਾਇਣ ਦੱਤ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮਨਜੀਤ ਧਨੇਰ ਨੂੰ ਸੁਣਾਈ ਗਈ ਸਜ਼ਾ ਦੇ ਖ਼ਿਲਾਫ਼ ਪੰਜਾਬ ਦਾ ਹਰ ਵਰਗ ਵਿਰੋਧ ਕਰ ਰਿਹਾ ਹੈ, ਪ੍ਰੰਤੂ ਪੰਜਾਬ ਸਰਕਾਰ ਇਸ ਪ੍ਰਤੀ ਸਾਜ਼ਸੀ ਚੁੱਪ ਧਾਰੀ ਬੈਠੀ ਹੈ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਝੂਠੇ ਮੁਕਾਬਲੇ ਬਣਾਉਣ ਵਾਲੇ ਕਾਤਲ ਪੁਲਸੀਆਂ ਨੂੰ ਤਾਂ ਰਿਹਾਅ ਕਰ ਰਹੀ ਹੈ, ਪਰ ਲੋਕਾਂ ਦੀ ਆਵਾਜ਼ ਬਣਨ ਵਾਲੇ ਮਨਜੀਤ ਧਨੇਰ ਦੀ ਸਜ਼ਾ ਨੂੰ ਰੱਦ ਕਰਨ ਸਬੰਧੀ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 22 ਅਕਤੂਬਰ ਨੂੰ ਪੰਜਾਬ ਭਰ ਦੇ ਨੌਜਵਾਨ ਇਸ ਮੋਰਚੇ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ।
ਦੱਸ ਦਈਏ, ਮਨਜੀਤ ਧਨੇਰ ਨੂੰ ਇੱਕ ਕਤਲ ਕੇਸ ਵਿੱਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਮੁੜ ਬਹਾਲ ਰੱਖੀ ਗਈ ਹੈ। ਇਸ ਦੇ ਖ਼ਿਲਾਫ਼ ਪੰਦਰਾਂ ਦਿਨਾਂ ਤੋਂ ਪੰਜਾਬ ਭਰ ਦੀਆਂ 42 ਵੱਖ-ਵੱਖ ਜਥੇਬੰਦੀਆਂ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕਰ ਰਹੀਆਂ ਹਨ।
ਮਨਜੀਤ ਧਨੇਰ ਦੀ ਸਜ਼ਾ ਖ਼ਿਲਾਫ਼ ਲਗਾਤਾਰ ਪੰਜਾਬ ਦੇ ਲੋਕਾਂ ਦਾ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਤੇ ਸੰਘਰਸ਼ ਕਮੇਟੀ ਇਸ ਸਜ਼ਾ ਖ਼ਿਲਾਫ਼ ਤਿੱਖੇ ਸੰਘਰਸ਼ ਦੇ ਰੌਸ ਵਿੱਚ ਹੈ। ਜੇਕਰ ਪੰਜਾਬ ਸਰਕਾਰ ਨੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਕਰ ਰਹੇ ਲੋਕ ਅਤੇ ਜਥੇਬੰਦੀਆਂ ਇਸ ਸੰਘਰਸ਼ ਨੂੰ ਕੋਈ ਨਵਾਂ ਮੋੜ ਦੇ ਕੇ ਹੋਰ ਤਿੱਖਾ ਕਰ ਸਕਦੇ ਹਨ।