ਬਰਨਾਲਾ: ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਿੰਨੀ ਜੰਗਲ ਲਗਾਏ ਜਾ ਰਹੇ ਹਨ। ਇਸ ਦੇ ਤਹਿਤ ਬਰਨਾਲਾ ਦੇ ਚੰਡੀਗੜ ਰੋਡ ’ਤੇ ਖਾਲੀ ਪਈ ਥਾਂ ’ਤੇ ਮਿੰਨੀ ਜੰਗਲ ਲਗਾਉਣ ਦਾ ਕੰਮ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ’ਚ ਜ਼ਿਲਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਗਿਆ ਹੈ।
ਬਰਨਾਲਾ ਦੇ ਚੰਡੀਗੜ, ਮੋਗਾ ਅਤੇ ਮੋਗਾ ਹਾਈਵੇ ’ਤੇ 2 ਏਕੜ ਜ਼ਮੀਨ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਕਾਰਜ ਵਿੱਚ ਐਨਜੀਓ ਫ਼ਾਊਂਡੇਸ਼ਨ ਮੋਹਾਲੀ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਿੰਨੀ ਜੰਗਲ ਲਗਾਏ ਜਾ ਰਹੇ ਹਨ। ਜਿਸ ਤਹਿਤ ਬਰਨਾਲਾ ਦੇ ਚੰਡੀਗੜ ਰੋਡ ’ਤੇ ਪੌਦੇ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ ਬਠਿੰਡਾ, ਚੰਡੀਗੜ ਅਤੇ ਮੋਗਾ ਨੂੰ ਜਾਣ ਵਾਲੇ ਮਾਰਗ ’ਤੇ ਕਰੀਬ 2 ਏਕੜ ਖਾਲੀ ਪਈ ਜ਼ਮੀਨ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ।
ਇਸ ਕਾਰ ਲਈ ਪੰਜਾਬ ਸਰਕਾਰ ਵੱਲੋਂ ਐਨਜੀਓ ਫ਼ਾਊਂਡੇਸ਼ਨ ਦੀ ਮੱਦਦ ਲਈ ਜਾ ਰਹੀ ਹੈ। ਐਨਜੀਓ ਫ਼ਾਊਂਡੇਸ਼ਨ ਸੰਸਥਾ ਦੇ ਨੁਮਾਇੰਦੇ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪੂਰੇ ਪੰਜਾਬ ਵਿੱਚ 1 ਹਜ਼ਾਰ ਮਿੰਨੀ ਜੰਗਲ ਲਗਾਉਣ ਦਾ ਟਾਰਗੇਟ ਮਿੱਥਿਆ ਗਿਆ ਹੈ ਹੁਣ ਤੱਕ 175 ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ। ਇਸ ਜੰਗਲ ਵਿੱਚ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਦਰੱਖਤਾਂ ਨੂੰ ਲਗਾਇਆ ਜਾ ਰਿਹਾ ਹੈ।