ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਉਪਰਾਲੇ ਜਾਰੀ ਹਨ। ਇਸ ਤਹਿਤ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਡੀਐਮ ਵਰਜੀਤ ਵਾਲੀਆ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ ਬਰਨਾਲਾ ਸ਼ਹਿਰ ਵਿੱਚ ਜਿੱਥੇ ਕਈ ਕੂੜਾ ਡੰਪਿੰਗ ਥਾਵਾਂ ਸਾਫ ਕਰਵਾਈਆਂ ਗਈਆਂ ਹਨ, ਉਥੇ ਗਿੱਲੇ ਅਤੇ ਸੁੱਕੇ ਕੂੜੇ ਦਾ ਸੁਚੱਜਾ ਨਿਬੇੜਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਸਾਫ-ਸੁੱਥਰੇ ਜ਼ਿਲ੍ਹਿਆਂ ’ਚੋਂ ਮੂਹਰਲੀ ਕਤਾਰ ਵਿੱਚ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਉਦੇਸ਼ ਦੀ ਪੂਰਤੀ ਲਈ ਸਭ ਤੋਂ ਅਹਿਮ ਸ਼ਹਿਰ ਦੇ ਕੂੜੇ ਦਾ ਸੁਚੱਜਾ ਨਿਬੇੜਾ ਹੈ, ਜਿਸ ਲਈ ਸੁੱਕਾ ਅਤੇ ਗਿੱਲਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਦੇ ਨਿਰਦੇਸ਼ ਨਗਰ ਕੌਂਸਲ ਨੂੰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ 5 ਅਹਿਮ ਥਾਵਾਂ ’ਤੇ ਕੂੜਾ ਡੰਪਿੰਗ ਸੈਕੰਡਰੀ ਪੁਆਇੰਟ ਜਾਂ (ਗਾਰਬੇਜ ਵਨਰੇਬਲ ਪੁਆਇੰਟ ਸਨ, ਜਿਨ੍ਹਾਂ ਕਰ ਕੇ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਆ ਰਹੀ ਸੀ। ਇਹ 5 ਥਾਵਾਂ ਤੋਂ ਕੂੜਾ ਚੁਕਵਾ ਕੇ ਸਫਾਈ ਕਰਵਾਈ ਗਈ ਹੈ ਅਤੇ ਆਉਂਦੇ ਦਿਨੀਂ ਹੋਰ ਅਜਿਹੀਆਂ ਥਾਵਾਂ ਦੀ ਵੀ ਸਫਾਈ ਕਰਵਾਈ ਜਾਵੇਗੀ ਤਾਂ ਜੋ ਸ਼ਹਿਰ ਦੀ ਦਿਖ ਨਿੱਖਰ ਸਕੇ।
ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਸ਼ਹਿਰ ਦੀਆਂ 5 ਥਾਵਾਂ ਤੋਂ ਪਿਛਲੇ ਦਿਨੀਂ ਜੀਵੀਪੀ (ਗਾਰਬੇਜ ਵਨਰੇਬਲ ਪੁਆਇੰਟ) ਅਤੇ ਸੈਕੰਡਰੀ ਪੁਆਇੰਟ ਹਟਾਏ ਗਏ ਹਨ। ਇਨ੍ਹਾਂ ਵਿੱਚ ਨੇੜੇ ਪੰਜਾਬ ਨੈਸ਼ਨਲ ਬੈਂਕ, ਪੱਕਾ ਕਾਲਜ ਰੋਡ, ਦੂਜਾ ਨੇੜੇ ਪੰਜਾਬ ਐਂਡ ਸਿੰਧ ਬੈਂਕ (ਰੇਲਵੇ ਸਟੇਸ਼ਨ ਨੇੜੇ) ਪੱਕਾ ਕਾਲਜ ਰੋਡ, ਪੁਰਾਣਾ (ਪ੍ਰਭਾਤ) ਸਿਨੇਮਾ ਨੇੜੇ, ਚੌਥਾ ਪੁਆਇੰਟ ਨੇੜੇ ਸੈਨੀਟੇਸ਼ਨ ਦਫਤਰ, ਅਨਾਜ ਮੰਡੀ ਰੋਡ ਸ਼ਾਮਲ ਤੇ ਪੰਜਵਾਂ ਸੇਖਾ ਰੋਡ ਸਥਿਤ ਕੂੜਾ ਡੰਪਿੰਗ ਪੁਆਇੰਟ ਸ਼ਾਮਲ ਹੈ, ਜਿਨ੍ਹਾਂ ਤੋਂ ਕੂੜਾ ਚੁਕਵਾ ਕੇ ਉਸ ਨੂੰ ਵੱਖੋ-ਵੱਖਰਾ ਕਰਵਾ ਕੇ ਪਿੱਟਾਂ ਅਤੇ ਐਮਆਰਐਫ (ਮਟੀਰੀਅਲ ਰਿਕਵਰੀ ਫੈਸਲਿਟੀ) ਵਿੱਚ ਸੁਚੱਜਾ ਨਿਬੇੜਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਦੀ ਸਫਾਈ ਕਰਵਾ ਕੇ ਸਵੱਛਤਾ ਬੋਰਡ ਲਗਵਾਏ ਗਏ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੇ ਦੱਸਿਆ ਕਿ ਸੈਨੀਟੇਸ਼ਨ ਦਫਤਰ ਨੇੜੇ ਵਾਲੀ ਜਗ੍ਹਾ ਸਾਫ ਕਰਵਾ ਕੇ ਪਾਰਕਿੰਗ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਦੀ ਮੁਹਿੰਮ ਵਿੱਚ ਭਰਵਾਂ ਸਹਿਯੋਗ ਦੇਣ ਅਤੇ ਆਪਣੇ ਘਰਾਂ ਦਾ ਸੁੱਕਾ ਅਤੇ ਗਿੱਲਾ ਕੂੜਾ ਵੱਖੋ-ਵੱਖਰਾ ਰੱਖਣ ਤਾਂ ਜੋ ਉਸ ਦਾ ਸਹੀ ਨਿਬੇੜਾ ਕੀਤਾ ਜਾ ਸਕੇ ਅਤੇ ਸ਼ਹਿਰ ਨੂੰ ਸਾਫ-ਸੁੱਥਰਾ ਬਣਾਇਆ ਜਾ ਸਕੇ।