ਬਰਨਾਲਾ: ਪਿੰਡ ਦਾਨਗੜ ਵਿਖੇ 4 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲੇ ’ਤੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜਿੰਦਰ ਸਿੰਘ ਪੀੜਤ ਬੱਚੀ ਦਾ ਹਾਲ ਜਾਨਣ ਬਰਨਾਲਾ ਦੇ ਸਰਕਾਰੀ ਹਸਪਤਾਲ ਪੁੱਜੇ। ਚੇਅਰਮੈਨ ਰਜਿੰਦਰ ਸਿੰਘ ਵਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਅਤੇ ਬੱਚੀ ਦਾ ਯੋਗ ਇਲਾਜ਼ ਕਰਵਾਉਣ ਦੀ ਗੱਲ ਆਖੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਦਾਨਗੜ ਵਿਖੇ ਜਬਰ ਜਨਾਹ ਦੀ ਵਾਪਰੀ ਘਟਨਾ ਦੀ ਪੀੜਤ ਬੱਚੀ ਦਾ ਹਾਲ ਜਾਨਣ ਉਹ ਸਰਕਾਰੀ ਹਸਪਤਾਲ ਆਏ ਹਨ। ਬੱਚੀ ਦੀ ਹਾਲਤ ਹੁਣ ਠੀਕ ਹੈ। ਡਾਕਟਰੀ ਟੀਮਾਂ ਲਗਾਤਾਰ ਬੱਚੀ ਦਾ ਯੋਗ ਇਲਾਜ਼ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਕਮਿਸ਼ਨ ਵੱਲੋਂ ਬੱਚੀ ਦੀ ਹਾਲਤ ਅਤੇ ਦਿਮਾਗੀ ਹਾਲਤ ਨੂੰ ਠੀਕ ਕਰਨ ਲਈ ਪੂਰਨ ਤੌਰ ’ਤੇ ਕੇਅਰ ਅਤੇ ਕਾਊਂਸਲਿੰਗ ਸਮੇਤ ਹਰ ਮੈਡੀਕਲ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵੈਲਫ਼ੇਅਰ ਦਫ਼ਤਰ ਅਤੇ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਬੱਚੀ ਦੇ ਪਰਿਵਾਰ ਨੂੰ 11 ਲੱਖ ਰੁਪਏ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ। ਸੂਬਾ ਚੇਅਰਮੈਨ ਨੇ ਕਿਹਾ ਕਿ ਦਾਨਗੜ ਅਤੇ ਟਾਂਡਾ ਵਿੱਚ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ ਪਿੱਛੇ ਕਿਤੇ ਨਾ ਕਿਤੇ ਜਾਗਰੂਕਤਾ ਦੀ ਘਾਟ ਹੈ।
ਉਨ੍ਹਾਂ ਮਾਪਿਆਂ ਦੀ ਵੀ ਗਲਤੀ ਦੱਸਦੇ ਹੋਏ ਕਿਹਾ ਕਿ ਅੱਜ ਦੀ ਘੜੀ ਛੋਟੇ ਛੋਟੇ ਬੱਚੇ ਮੋਬਾਇਲਾਂ ’ਤੇ ਸਾਰਾ ਦਿਨ ਸ਼ੋਸਲ ਸਾਈਟਾਂ ਜਾਂ ਅਸ਼ਲੀਲ ਸਾਈਟਾਂ ’ਤੇ ਵੀਡੀਓਜ਼ ਦੇਖਦੇ ਰਹਿੰਦੇ ਹਨ। ਜੋ ਇਹਨਾਂ ਘਟਨਾਵਾਂ ਦਾ ਵੱਡਾ ਕਾਰਨ ਬਣ ਰਹੀਆਂ ਹਨ।
ਉਨ੍ਹਾਂ ਜਬਰ ਜਨਾਹ ਦੀਆਂ ਘਟਨਾਵਾਂ ਅਤੇ ਇਸ ਤਰੀਕੇ ਦੀ ਸਥਿਤੀ ਲਈ ਪੰਜਾਬ ਸਿੱਖਿਆ ਸੈਕਟਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਤਾਂ ਕਿ ਬੱਚਿਆਂ ਨੂੰ ਪੌਕਸੋ ਐਕਟ ਅਧੀਨ ਜਾਣਕਾਰੀ ਦਿੱਤੀ ਜਾਵੇ। ਜਿਸ ਵਿੱਚ ਦੱਸਿਆ ਜਾਵੇਗਾ ਕਿ ਇਸ ਤਰਾਂ ਦੇ ਜ਼ੁਰਮ ਲਈ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇਕਰ ਬੱਚਿਆਂ ਨੂੰ ਇਸ ਤਰਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।