ਬਰਨਾਲਾ: ਬਰਨਾਲਾ ਪੁਲੀਸ ਵੱਲੋਂ ਮੈਡੀਕਲ ਨਸ਼ੇ ਦੀ ਫੜੀ ਗਈ ਵੱਡੀ ਖੇਪ ਸਬੰਧੀ ਜਿੱਥੇ ਆਮ ਲੋਕਾਂ ਵਿੱਚ ਬਰਨਾਲਾ ਪੁਲੀਸ ਦੀ ਪ੍ਰਸ਼ੰਸਾ ਹੋ ਰਹੀ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਰਨਾਲਾ ਪੁਲਿਸ ਦੀ ਪਿੱਠ ਥਾਪੜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਗਈ ਵੱਡੀ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ ਹੈ ਤੇ ਪੁਲਿਸ ਨੂੰ ਸ਼ਾਬਾਸੀ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ,"ਪੰਜਾਬ ਪੁਲਿਸ ਵੱਲੋਂ ਸਾਈਕੋਟ੍ਰੋਪਿਕ ਡਰੱਗ ਦਾ ਗੈਰ ਕਾਨੂੰਨੀ ਢੰਗ ਨਾਲ ਵਪਾਰ ਕਰਨ ਵਾਲੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਮਥੁਰਾ ਦੇ ਗੁਦਾਮ ਚੋਂ 40 ਲੱਖ ਨਸ਼ੀਲੀਆਂ ਦਵਾਈਆਂ/ਟੀਕੇ, ਜਿਨ੍ਹਾਂ ਦੀ ਕੀਮਤ ਚਾਰ-ਪੰਜ ਕਰੋੜ ਰੁਪਏ ਹੈ, ਨੂੰ ਜ਼ਬਤ ਕੀਤਾ ਗਿਆ। ਇਸ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਲਈ ਮੈਂ ਬਰਨਾਲਾ ਪੁਲਸ ਨੂੰ ਸ਼ਾਬਾਸ਼ੀ ਦਿੰਦਾ ਹਾਂ।"
ਦੱਸ ਦੇਈਏ ਕਿ ਬਰਨਾਲਾ ਦੇ ਨਵੇਂ ਨਿਯੁਕਤ ਹੋਏ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸ਼ਹਿਰ ਦੇ ਇੱਕ ਵੱਡੇ ਮੈਡੀਕਲ ਸਟੋਰ ਬੀਰੂ ਰਾਮ ਠਾਕੁਰ ਦਾਸ ਦੇ ਮਾਲਕ ਰਿੰਕੂ ਮਿੱਤਲ ਨੂੰ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁੱਛਗਿਛ ਦੌਰਾਨ ਪੁਲਿਸ ਯੂਪੀ ਦੇ ਮਥੁਰਾ ਵਿਖੇ ਵੱਡੇ ਤਸਕਰ ਤੱਕ ਪਹੁੰਚ ਸਕੀ ਹੈ ਅਤੇ ਇਸ ਤਸਕਰ ਦੇ ਗੁਦਾਮ 'ਚੋਂ 40 ਲੱਖ ਦੇ ਕਰੀਬ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।