ਬਰਨਾਲਾ: ਬੈਂਕ ਮੁਲਾਜ਼ਮਾਂ ਵੱਲੋਂ 1 ਤੇ 2 ਫਰਵਰੀ ਨੂੰ ਸੂਬੇ ਭਰ 'ਚ ਪੰਜਾਬ ਸਰਕਾਰ ਵਿਰੁੱਧ ਹੜਤਾਲ ਕੀਤੀ ਜਾ ਰਹੀ ਹੈ। ਦੋ ਦਿਨੀਂ ਹੜਤਾਲ ਤੋਂ ਬਾਅਦ ਐਤਵਾਰ ਨੂੰ ਵੀ ਬੈਂਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਬਾਰੇ ਹੜਤਾਲ ’ਤੇ ਬੈਠੇ ਬੈਂਕ ਮੁਲਾਜ਼ਮ ਗੋਬਿੰਦ ਰਾਮ ਅਤੇ ਹਨੀ ਗੋਇਲ ਨੇ ਕਿਹਾ ਕਿ ਹੜਤਾਲ ਦੋ ਦਿਨ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਇਹ ਹੜਤਾਲ ਮਾਰਚ ਤੇ ਅਪ੍ਰੈਲ ਮਹੀਨੇ 'ਚ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ 1 ਨਵੰਬਰ 2017 ਤੋਂ ਲੰਬੇ ਸਮੇਂ ਤੋਂ ਲਟਕ ਰਹੇ ਭੱਤਿਆਂ ਨੂੰ ਜਾਰੀ ਕੀਤੇ ਜਾਣ ਅਤੇ ਆਪਣੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਆਮ ਲੋਕਾਂ ਤੋਂ ਸਾਥ ਦੇਣ ਦੀ ਅਪੀਲ ਕੀਤੀ ਹੈ। ਹੜਤਾਲ ਕਾਰਨ ਬੈਂਕ ਗਾਹਕਾਂ ਨੂੰ ਨੈਟ ਬੈਂਕਿੰਗ ਆਦਿ ਦੀ ਸਹੂਲਤ ਦਿੱਤੀ ਗਈ ਹੈ, ਜਿਸ ਕਾਰਨ ਗਾਹਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਜਿਥੇ ਇੱਕ ਪਾਸੇ ਬੈਂਕ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ ਉਥੇ ਹੀ ਦੂਜੇ ਪਾਸ ਆਮ ਲੋਕਾਂ ਨੂੰ ਬੈਂਕ ਸਬੰਧੀ ਕਈ ਕੰਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਪਾਰੀ ਵਰਗ ਤੇ ਆਮ ਲੋਕਾਂ ਨੇ ਕਿਹਾ ਦੋ ਦਿਨੀਂ ਹੜਤਾਲ ਤੋਂ ਬਾਅਦ ਐਤਵਾਰ ਹੋਣ ਕਾਰਨ ਤੀਜੇ ਦਿਨ ਵੀ ਬੈਂਕ ਦੇ ਕੰਮ ਨਹੀਂ ਹੋ ਸਕਣਗੇ। ਇਸ ਕਾਰਨ ਉਨ੍ਹਾਂ ਦੇ ਕਾਰੋਬਾਰ 'ਤੇ ਮਾੜਾ ਅਸਰ ਪਵੇਗਾ। ਉਨਾਂ ਕਿਹਾ ਕਿ ਜੇ ਬੈਂਕ ਕਰਮਚਾਰੀਆਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਿੱਧੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਨਾਂ ਕਿ ਹੜਤਾਲ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਣਾ ਚਾਹੀਦਾ ਹੈ।