ਬਰਨਾਲਾ: ਦੇਸ਼ ਭਰ ਵਿੱਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਅਤੇ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ 10 ਟਰੇਡ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਬਰਨਾਲਾ ਵਿਖੇ ਕਿਸਾਨ ਜਥੇਬੰਦੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਰਨਾਲਾ ਦੇ ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਇਕੱਤਰ ਹੋਈਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉਥੇ ਬਰਨਾਲਾ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ।
ਇਹ ਵੀ ਪੜੋ: ਸੰਖੇਪ ਬੀਮਾਰੀ ਤੋਂ ਬਾਅਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਹੋਈ ਮੌਤ
ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਦੇਸ਼ ਦੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਦੇ ਹੋਏ ਨਿੱਜੀ ਕੰਪਨੀਆਂ ਹਵਾਲੇ ਕੀਤਾ ਜਾ ਰਿਹਾ ਹੈ। ਸਰਕਾਰੀ ਬੈਂਕਾਂ, ਰੇਲਵੇ, ਐਲਆਈਸੀ ਸਮੇਤ ਵੱਖ ਵੱਖ ਵਿਭਾਗਾਂ ਨੂੰ ਨਿਜੀ ਕੰਪਨੀਆਂ ਹੱਥ ਸੌਂਪ ਕੇ ਦੇਸ਼ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਦਿਨੋਂ ਦਿਨ ਮਹਿੰਗਾਈ ਵਧ ਰਹੀ ਹੈ।
ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਲੋਕਾਂ ਦੀ ਆਮਦਨ ਦਿਨੋਂ ਦਿਨ ਘਟ ਰਹੀ ਹੈ, ਜਦੋਂਕਿ ਖਰਚੇ ਵਧ ਰਹੇ ਹਨ। ਖੇਤੀ ਵਿੱਚ ਵੀ ਦਿਨੋਂ ਦਿਨ ਘਾਟੇ ਪੈ ਰਹੇ ਹਨ, ਜਦੋਂਕਿ ਖੇਤੀ ਵਿੱਚ ਖਾਤੇ ਵਧ ਰਹੇ ਹਨ। ਜਿਸ ਕਰਕੇ ਪੂਰਾ ਦੇਸ਼ ਅੱਜ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਜੀਕਰਨ ਤੇ ਵਧ ਰਹੀ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜੋ: ਬਾਟਲਾ ਹਾਊਸ ਇਨਕਾਊਂਟਰ ਮਾਮਲੇ ’ਚ ਦੋਸ਼ੀ ਦੀ ਸਜ਼ਾ ’ਤੇ ਫ਼ੈਸਲਾ ਰਾਖਵਾਂ