ਬਰਨਾਲਾ: ਪੰਜਾਬ ਵਿੱਚ ਚੱਲ ਰਹੇ ਸਾਰੇ ਸੰਘਰਸ਼ਾਂ ਦਾ ਇਸ ਸਮੇਂ ਬਰਨਾਲਾ ਜੇਲ੍ਹ ਕੇਂਦਰ ਬਿੰਦੂ ਬਣ ਚੁੱਕੀ ਹੈ। ਧਰਨੇ ਵਿੱਚ ਬੈਠੇ ਲੋਕ ਮਨਜੀਤ ਧਨੇਰ ਨੂੰ ਸੁਣਾਈ ਗਈ ਸਜ਼ਾ ਨੂੰ ਸੱਚ ਦਾ ਕਤਲ ਬਿਆਨ ਕਰ ਰਹੇ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਕੇ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਇਹ ਧਰਨਾ ਅਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਦਿਨੋਂ ਦਿਨ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1 ਅਕਤੂਬਰ ਤੋਂ ਲਗਾਤਾਰ ਚੱਲ ਰਹੇ ਧਰਨੇ ਦੇ 13ਵੇਂ ਦਿਨ ਤੱਕ ਪੰਜਾਬ ਸਰਕਾਰ ਵੱਲੋਂ ਸਜ਼ਾ ਰੱਦ ਕਰਨ ਸਬੰਧੀ ਕੋਈ ਫ਼ੈਸਲਾ ਨਾ ਆਉਣ ਕਾਰਨ ਸੰਘਰਸ਼ ਕਮੇਟੀ ਤਿੱਖੇ ਰੋਸ ਵਿੱਚ ਹੈ। 14 ਅਕਤੂਬਰ ਨੂੰ ਇਸ ਧਰਨੇ ਵਿੱਚ ਪੰਜਾਬ ਭਰ ਦੇ ਲੇਖਕ, ਵਿਦਵਾਨ ਅਤੇ ਹੋਰ ਬੁੱਧੀਮਾਨ ਤਬਕੇ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਕਸ਼ਨ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ਸਬੰਧੀ ਫੈਸਲਾ ਲਿਆ ਜਾਵੇਗਾ।
ਬਹੁ ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਬਲਾਤਕਾਰ ਕਤਲ ਕੇਸ ਦੇ ਸਿਰਕੱਢ ਆਗੂ ਮਨਜੀਤ ਧਨੇਰ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਵਿੱਚ ਮਨਜੀਤ ਧਨੇਰ ਨੇ 30 ਸਤੰਬਰ ਨੂੰ ਬਰਨਾਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਜਿਸ ਤੋਂ ਬਾਅਦ ਧਨੇਰ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 42 ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਜੇਲ੍ਹ ਅੱਗੇ ਨੈਸ਼ਨਲ ਹਾਈਵੇਅ ਨੂੰ ਜਾਮ ਕਰਕੇ ਪੱਕਾ ਮੋਰਚਾ ਲਗਾਇਆ ਗਿਆ ਹੈ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਅਤੇ ਨਰੈਣ ਦੱਤ ਨੇ ਕਿਹਾ ਕਿ ਮਹਿਲ ਕਲਾਂ ਦੀ ਇੱਕ ਵਿਦਿਆਰਥਣ ਕਿਰਨਜੀਤ ਕੌਰ ਦਾ ਕਤਲ ਅਤੇ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਨੂੰ ਸਜ਼ਾ ਦਵਾਉਣ ਲਈ ਮਨਜੀਤ ਧਨੇਰ ਨੇ ਅੱਗੇ ਹੋ ਕੇ ਸੰਘਰਸ਼ ਲੜਿਆ ਸੀ ਜਿਸ ਦੀ ਰੰਜਿਸ਼ ਦੇ ਚੱਲਦੇ ਧਨੇਰ ਖ਼ਿਲਾਫ਼ ਇੱਕ ਝੂਠੇ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਧਨੇਰ ਨੂੰ ਸੁਣਾਈ ਗਈ ਇਸ ਨਿਹੱਕੀ ਸਜ਼ਾ ਦੇ ਖਿਲਾਫ ਪੰਜਾਬ ਦੇ ਲੋਕਾਂ ਵਿੱਚ ਦਿਨੋਂ ਦਿਨ ਰੋਸ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਤਾਰੀਖ਼ ਜਾਰੀ, ਪੀਐੱਮ ਮੋਦੀ ਕਰਨਗੇ ਉਦਘਾਟਨ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਦਾ ਰੱਦ ਕਰ ਰਹੀ ਹੈ, ਪਰ ਮਨਜੀਤ ਨੂੰ ਸੁਣਾਈ ਗਈ ਝੂਠੇ ਕਤਲ ਕੇਸ ਦੀ ਸਜ਼ਾ ਨੂੰ ਰੱਦ ਕਰਨ ਲਈ ਕੋਈ ਯੋਗ ਫ਼ੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਪੁਲਿਸ-ਸਿਆਸੀ-ਗੁੰਡਾ-ਗੱਠਜੋੜ ਨਹੀਂ ਚਾਹੁੰਦਾ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਵੇ। ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਵੀ ਇਸ ਮੋਰਚੇ ਨੇ ਪੂਰੀ ਤਰ੍ਹਾਂ ਹੱਥਾਂ ਪੈਰਾਂ ਦੀ ਪਾਈ ਹੋਈ ਹੈ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇਸ ਮੋਰਚੇ ਦੀ ਦੇਖ ਰੇਖ ਲਈ ਤੈਨਾਤ ਕੀਤੇ ਗਏ ਹਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।