ਬਰਨਾਲਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਵਿੱਚ ਸਰਗਰਮੀਆਂ ਤੇਜ਼ ਹੋ ਚੁੱਕੀ ਹੈ। ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਾਵਾਰਾਂ ਨੂੰ ਸਰਗਰਮ ਕਰਦੇ ਹੋਏ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਨਗਰ ਕੌਂਸਲ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੀਆਂ ਜਾ ਰਹੀਆਂ ਹਨ। ਬਰਨਾਲਾ ਵਿਖੇ ਆਪ ਵੱਲੋਂ ਸਰਗਰਮੀ ਵਧਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਰਹੀ ਸਾਬਕਾ ਐਮਸੀ ਸਮੇਤ ਕਈ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਰੇ ਪਰਿਵਾਰਾਂ ਨੂੰ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ’ਚ ਸ਼ਾਮਲ ਕਰਵਾਇਆ।
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੀ ਬਿਮਲਾ ਦੇਵੀ ਅਤੇ ਉਸ ਦੇ ਪੁੱਤਰ ਵਿੱਕੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਖੇ ਵਿਕਾਸ ਦੇ ਬਹੁਤ ਵਧੀਆ ਕੰਮ ਕੀਤੇ ਹਨ। ਇਸ ਕਰਕੇ ਉਹ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਆਪ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।
ਇਸ ਮੌਕੇ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਜ਼ਮੀਨੀ ਪੱਧਰ ’ਤੇ ਮੁਹਿੰਮ ਤੇਜ਼ ਕੀਤੀ ਹੋਈ ਹੈ। ਦਿੱਲੀ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਮਾਡਲ ਨੂੰ ਮੁੱਖ ਰੱਖ ਕੇ ਚੋਣ ਲੜੀ ਜਾਵੇਗੀ। ਪੰਜਾਬ ਦੇ ਲੋਕ ਵੀ ਦਿੱਲੀ ਵਿਖੇ ਹੋਏ ਕੰਮਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਨੂੰ ਕਾਹਲੇ ਹਨ।