ਬਰਨਾਲਾ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨਾਲ ਸਬੰਧਤ ਕੇਸ ਵਿੱਚ ਸੂਬੇ ਭਰ ਵਿੱਚ ਪੁਲਿਸ ਵੱਲੋਂ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਕੜੀ ਤਹਿਤ ਬਰਨਾਲਾ ਪੁਲਿਸ ਵਲੋਂ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਆਪ੍ਰੇਸ਼ਨ ਦੌਰਾਨ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਏ ਜਾਣ ਦੀ ਸੂਚਨਾ ਹੈ।
ਨਸ਼ਾ ਛੁਡਾਊ ਕੈਂਪ ਵਿੱਚੋਂ ਪੁਲਿਸ ਨੇ ਚੱਕੇ ਨੌਜਵਾਨ: ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਪਿਛਲੇ ਕਰੀਬ ਇੱਕ ਮਹੀਨੇ ਤੋਂ ਨਸ਼ਾ ਛੁਡਾਊ ਕੈਂਪ ਚਲਾਇਆ ਜਾ ਰਿਹਾ ਸੀ। ਬੀਤੇ ਕੱਲ੍ਹ ਬਸੰਤ ਸਿੰਘ ਨੂੰ ਮੋਗਾ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਜਦਕਿ ਇਸ ਗੁਰੂ ਘਰ ਵਿੱਚ ਨਸ਼ਾ ਛੱਡਣ ਆਏ 10 ਦੇ ਕਰੀਬ ਨੌਜਵਾਨ ਹਾਜ਼ਰ ਸਨ। ਘਟਨਾ ਸਥਾਨ 'ਤੇ ਸਰਚ ਆਪ੍ਰੇਸ਼ਨ ਦੌਰਾਨ ਹਾਜ਼ਰ ਪਿੰਡ ਵਾਸੀਆਂ ਤੇ ਗੁਰੂ ਘਰ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਅਨੁਸਾਰ ਇੱਥੇ ਸਿਰਫ਼ ਨਸ਼ਾ ਛੱਡਣ ਵਾਲੇ ਨੌਜਵਾਨ ਹੀ ਹਾਜ਼ਰ ਸਨ, ਜਿਹਨਾਂ ਵਿੱਚੋਂ 10 ਦੇ ਕਰੀਬ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡਣ ਦੀ ਗੱਲ ਕਹਿੰਦਿਆਂ ਪੁਲੀਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਨੌਜਵਾਨ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਨਾਲ ਸਬੰਧਤ ਹਨ।
ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ: ਪੁਲਿਸ ਵਲੋਂ ਗੁਰੂ ਘਰ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਗੁਰੂ ਦੇ ਸਾਰੇ ਕਮਰਿਆਂ ਸਮੇਤ ਹਰ ਜਗ੍ਹਾ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇੱਥੇ ਰਹਿਣ ਵਾਲੇ ਨੌਜਵਾਨਾਂ ਦਾ ਇੱਕ ਮੋਟਰਸਾਈਕਲ ਸਮੇਤ ਕੁੱਝ ਸਮਾਨ ਵੀ ਪੁਲਿਸ ਨਾਲ ਲੈ ਗਈ। ਇਸ ਸਬੰਧੀ ਜਦੋਂ ਚੈਕਿੰਗ ਕਰਨ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਹੀ ਚੈਕਿੰਗ ਕੀਤੀ ਜਾ ਰਹੀ ਹੈ, ਜਦਕਿ ਉਹਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਗੱਲ ਗੋਲਮੋਲ ਕਰ ਦਿੱਤੀ ਗਈ।
ਇਹ ਵੀ ਪੜੋ: Habeas Corpus Petition: ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਕਰਨ ਸਬੰਧੀ ਹਾਈਕੋਰਟ ਵਿੱਚ 'ਹੈਬੀਅਸ ਕਾਰਪਸ' ਪਟੀਸ਼ਨ ਦਾਇਰ