ਬਰਨਾਲਾ: ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਜਨਮਦਿਨ ਦੇ ਮੌਕੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾਂ (Bharti Kisan Union Ekta Ugrahan) ਦੇ ਵੱਲੋਂ ਇੱਕ ਸਾਮਰਾਜ ਵਿਰੋਧੀ ਮਹਾਰੈਲੀ ਬਰਨਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾ ਰਹੀ ਸੀ। ਇਸ ਰੈਲੀ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਪੰਜਾਬ ਭਰ ਤੋਂ ਇੱਕਠੇ ਹੋਏ ਸਨ। ਸਮਾਗਮ ਠੀਕ ਤਰੀਕੇ ਨਾਲ ਚੱਲ ਰਿਹਾ ਸੀ ਪਰ ਉਸ ਸਮੇਂ ਹਾਲਤ ਤਨਾਅਪੂਰਨ ਹੋ ਗਿਆ, ਜਦੋਂ ਰੈਲੀ ਦੌਰਾਨ ਇੱਕ ਜੇਬ ਕਤਰੇ ਨੇ ਇੱਕ ਕਿਸਾਨ ਦੀ ਜੇਬ ਵਿੱਚ ਹੱਥ ਪਾ ਲਿਆ ਅਤੇ ਪਰਸ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜੇਬ ਕਤਰੇ ਨੂੰ ਮੌਕੇ ਉੱਤੇ ਹੀ ਕਿਸਾਨਾਂ ਨੇ ਫੜ ਲਿਆ।
ਕਿਸਾਨਾਂ ਵੱਲੋਂ ਜੇਬ ਕਤਰੇ ਦੀ ਚੰਗੀ ਤਰ੍ਹਾਂ ਛਿਤਰੌਲ ਕੀਤੀ ਗਈ। ਇਸ ਮੌਕੇ ਹਾਲਤ ਵਿਗੜਦੇ ਦੇਖ ਪੁਲਿਸ ਪ੍ਰਸ਼ਾਸਨ ਨੇ ਉਸ ਚੋਰ ਨੂੰ ਆਪਣੀ ਗ੍ਰਿਫਤ ਵਿੱਚ ਲੈਂਦਿਆਂ ਬੜੀ ਮੁਸ਼ਕਿਲ ਨਾਲ ਭੀੜ ਵਿੱਚੋਂ ਬਾਹਰ ਕੱਢ ਕੇ ਥਾਣੇ ਲਿਆਂਦਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਧੱਕਾ-ਮੁੱਕੀ ਦਾ ਸ਼ਿਕਾਰ ਹੋਇਆ। ਇਸ ਮੌਕੇ ਉੱਤੇ ਪੁਲਿਸ ਦੇ ਵੱਲੋਂ ਭਾਰੀ ਮੁਸ਼ੱਕਤ ਦੇ ਬਾਅਦ ਹਾਲਤ ਨੂੰ ਕੰਟਰੋਲ ਵਿੱਚ ਕੀਤਾ ਗਿਆ। ਇਸ ਮੌਕੇ ਚੋਰੀ ਦਾ ਸ਼ਿਕਾਰ ਹੋਣ ਤੋਂ ਬਚੇ ਕਿਸਾਨ ਨੇ ਦੱਸਿਆ ਕਿ ਜੇਬਕਤਰਾ ਉਸਦੀ ਜੇਬ ਵਿੱਚ ਹੱਥ ਪਾਕੇ ਉਸਦਾ ਬਟੂਆ ਚੋਰੀ ਕਰ ਰਿਹਾ ਸੀ। ਜਿਸਦਾ ਉਸਨੂੰ ਪਤਾ ਲੱਗ ਗਿਆ।
ਉੱਥੇ ਹੀ ਪੁਲਿਸ ਨੇ ਵੀ ਹਾਲਤ ਨੂੰ ਕੰਟਰੋਲ ਕਰਦੇ ਕਿਹਾ ਕਿ ਰੈਲੀ ਠੀਕ ਤਰੀਕੇ ਨਾਲ ਚੱਲ ਰਹੀ ਸੀ। ਪੁਲਿਸ ਨੇ ਦੱਸਿਆ ਕਿ ਹਾਲਤ ਕੰਟਰੋਲ ਵਿੱਚ ਕਰ ਲਈ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਚੋਰ ਨੂੰ ਫੜ ਲਿਆ ਗਿਆ ਹੈ। ਚੋਰ ਦੇ ਖਿਲਾਫ਼ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।