ਬਰਨਾਲਾ : ਪੰਜਾਬ ਦੇ ਮਾਝੇ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਨੇ ਸਾਰੇ ਸੂਬੇ ਵਿੱਚ ਹੀ ਮਾਤਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਇਸ ਮੁੱਦੇ ਨੂੰ ਲੈ ਪੰਜਾਬ ਸਰਕਾਰ ਵੀ ਕਸੂਤੀ ਸਥਿਤੀ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ। ਸਮੁੱਚੀ ਵਿਰੋਧੀ ਧਿਰ ਕੈਪਟਨ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀ ਹੈ। ਜ਼ਿਲ੍ਹਾ ਬਰਨਾਲਾ ਦੀ ਬਹੁਜਨ ਸਮਾਜ ਪਾਰਟੀ ਨੇ ਵੀ ਇਸ ਜ਼ਹਿਰੀਲੀ ਸ਼ਰਾਬ ਤਰਾਸਦੀ ਨੂੰ ਲੈ ਕੇ ਕੈਪਟਨ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ।
ਇਸ ਮੌਕੇ ਬੀਐਸਪੀ ਆਗੂਆਂ ਨੇ ਇਨ੍ਹਾਂ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਦਰਸ਼ਨ ਸਿੰਘ ਅਤੇ ਜ਼ਿਲਾ ਪ੍ਰਧਾਨ ਬਲਰਾਜ ਸਿੰਘ ਰਾਜਾ ਨੇ ਸ਼ਹਿਰ ਦੇ ਕਚਹਿਰੀ ਚੌਂਕ ’ਚ ਸਰਕਾਰ ਦਾ ਪੁਤਲਾ ਫ਼ੂੂਕਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫ਼ੜ ਕੇ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ।
ਰੋਜ਼ਾਨਾ ਨਸ਼ੇ ਕਾਰਨ ਪੰਜਾਬ ’ਚ ਮੌਤਾਂ ਹੋ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਮਾਝਾ ਖੇਤਰ ਦਾ ਹੈ, ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਡੀ ਗਿਣਤੀ ’ਚ ਮੌਤਾਂ ਹੋਈਆਂ ਹਨ। ਇਨ੍ਹਾਂ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਮੇਵਾਰ ਹਨ। ਇਸ ਕਰਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।