ਬਰਨਾਲਾ: ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇਸੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਮਨ ਕੀ ਬਾਤ" ਪ੍ਰੋਗਰਾਮ ਦੇ ਬਾਈਕਾਟ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ "ਮਨ ਕੀ ਬਾਤ" ਪ੍ਰੋਗਰਾਮ ਮੌਕੇ ਕਿਸਾਨਾਂ ਨੇ ਭਾਂਡੇ ਖੜਕਾ ਕੇ ਰੋਸ ਜਤਾਇਆ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੇ ਕੋਠਿਆਂ ਉੱਤੇ ਚੜ੍ਹ ਕੇ ਪਰਿਵਾਰਾਂ ਸਮੇਤ ਕਿਸਾਨੀ ਝੰਡੇ ਲਹਿਰਾਉਂਦਿਆਂ 'ਮਨ ਦੀ ਬਾਤ' ਦੇ ਵਿਰੋਧ ਵਿੱਚ ਭਾਂਡੇ ਖੜਕਾਏ ਅਤੇ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਪੀਐਸ ਸਾਡੀ ਕਦੋਂ ਸੁਣੂ ਮਨ ਕੀ ਬਾਤ?
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਠੰਢ ਵਿੱਚ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਹੱਦਾਂ 'ਤੇ ਸੜਕਾਂ ਕਿਨਾਰੇ ਰਾਤਾਂ ਗੁਜ਼ਾਰ ਰਿਹਾ ਹੈ। ਮੋਦੀ ਹਕੂਮਤ ਕਿਸਾਨਾਂ ਦੇ ਮਨ ਕੀ ਬਾਤ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਆਪਣੇ ਮਨ ਦੀ ਬਾਤ ਸੁਣਾ ਕੇ ਤੁਰਦੇ ਬਣਦੇ ਹਨ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੋ ਕੇ ਕਾਰਪੋਰੇਟ ਘਰਾਣਿਆਂ ਦੇ ਮੰਤਰੀ ਬਣੇ ਹੋਏ ਹਨ, ਜੋ ਮਨ ਦੀ ਬਾਤ ਰਾਹੀਂ ਕਾਰਪੋਰੇਟ ਘਰਾਣਿਆਂ ਦੀ ਗੱਲ ਦੇਸ਼ ਵਾਸੀਆਂ ਦੇ ਕੰਨਾਂ ਵਿੱਚ ਪਾ ਰਹੇ ਹਨ। ਜਦੋਂਕਿ ਦੇਸ਼ ਦੇ ਲੋਕਾਂ ਦੀ ਮਨ ਦੀ ਬਾਤ ਨਹੀਂ ਸੁਣੀ ਜਾ ਰਹੀ।
ਥਾਲੀਆਂ ਖੜਕਾਕੇ ਲੋਕਾਂ ਵੱਲੋਂ ਵਿਰੋਧ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦਾ ਬਾਈਕਾਟ ਕਰਦੇ ਹੋਏ ਦੇਸ਼ ਭਰ ਦੇ ਕਿਸਾਨਾਂ ਨੇ ਭਾਂਡੇ ਖੜਕਾ ਕੇ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨ ਦੇਸ਼ ਦੀ ਕਿਸਾਨੀ ਅਤੇ ਖੇਤੀ ਲਈ ਬੇਹੱਦ ਨੁਕਸਾਨਦਾਇਕ ਹਨ, ਜਿਸ ਦਾ ਵਿਰੋਧ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਪਰ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਵੱਲ ਗੌਰ ਨਹੀਂ ਕਰ ਰਹੀ। ਜਿਸ ਕਰਕੇ ਅੱਜ ਥਾਲੀਆਂ ਅਤੇ ਤਾਲੀਆਂ ਵਜਾ ਕੇ ਇਸ ਦਾ ਵਿਰੋਧ ਕਰ ਰਹੇ ਹਾਂ। ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਇਹ ਸੰਘਰਸ਼ ਦਿਨੋਂ ਦਿਨ ਤੇਜ਼ ਹੋਵੇਗਾ ਅਤੇ ਮੋਦੀ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਵੇਗਾ।