ਬਰਨਾਲਾ: ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਦਾ ਲੋਕ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇੱਕ ਪ੍ਰਾਈਵੇਟ ਪੈਟਰੋਲ ਪੰਪ 'ਤੇ ਬੀਕੇਯੂ ਉਗਰਾਹਾਂ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਹੀ ਸਰਕਾਰ: ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਨਿੱਜੀ ਲਾਭ ਪਹੁੰਚਾਉਣ ਲਈ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਸਰਕਾਰ ਦੇ ਨੇਤਾ ਆਪਣੇ ਆਪ ਨੂੰ ਆਮ ਘਰਾਂ ਦੇ ਕਹਿੰਦੇ ਸਨ। ਜਦ ਕਿ ਹੁਣ ਕੈਪਟਨ ਬਾਦਲ ਵਾਂਗ ਇਹ ਨੇਤਾ ਅਤੇ ਇਨ੍ਹਾਂ ਦੇ ਪਰਿਵਾਰਾਂ ਕੋਲ ਵੱਡੀਆਂ ਸਕਿਊਰਟੀਆਂ ਹਨ। ਜਿਸ ਦਾ ਭਾਰ ਆਮ ਲੋਕਾਂ ਉਪਰ ਪਾਇਆ ਜਾ ਰਿਹਾ ਹੈ। ਇਹ ਵੀ.ਆਈ.ਪੀ (VIP) ਕਲਚਰ 'ਚ ਆ ਕੇ ਗੱਡੀਆਂ ਦਾ ਕਾਫਲਾ ਲੈ ਕੇ ਤੁਰ ਰਹੇ ਹਨ। ਇਨ੍ਹਾਂ ਗੱਡੀਆਂ ਦੇ ਖਰਚੇ ਪੂਰੇ ਕਰਨ ਲਈ ਮਹਿੰਗਾਈ ਵਧਾਈ ਜਾ ਰਹੀ ਹੈ। ਇਸਦੇ ਖਰਚੇ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਕੱਢੇ ਜਾ ਰਹੇ ਹਨ।
ਇੱਕ ਪਾਸੇ ਬਿਜਲੀ ਪਾਣੀ ਮੁਫਤ ਦੂਜੇ ਪਾਸੇ ਮਹਿੰਗਾ ਡੀਜ਼ਲ ਪੈਟਰੋਲ: ਇਸੇ ਤਰ੍ਹਾਂ ਪੈਟਰੋਲ ਪੰਪ 'ਤੇ ਵੀ ਆਮ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਦੇ ਇਸ ਵਧੇ ਰੇਟ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਬਸਿਡੀ ਦੀ ਗੱਲ ਕਰਦੀ ਹੈ। ਬਿਜਲੀ ਪਾਣੀ ਮੁਫ਼ਤ ਦੇਣ ਦੀ ਗੱਲ ਕਰਦੀ ਹੈ। ਪਰ ਦੂਜੇ ਪਾਸੇ ਡੀਜ਼ਲ ਪੈਟਰੋਲ ਦੇ ਰੇਟ ਵਧਾ ਕੇ ਮਹਿੰਗਾਈ ਕੀਤੀ ਜਾ ਰਹੀ ਹੈ। ਜਿਸ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ, ਜੋ ਕਿ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ:- Pervez Musharraf passes away: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ