ਬਰਨਾਲਾ: ਪੰਜਾਬ ਵਿੱਚ ਮਨਾਏ ਜਾ ਰਹੇ ਜੂਨ 1984 ਦੇ ਘੱਲੂਘਾਰਾ ਹਫ਼਼ਤੇ ਨੂੰ ਲੈ ਕੇ ਬਰਨਾਲਾ ਪੁਲਿਸ ਹੋਰ ਮੁਸਤੈਦ ਹੋ ਗਈ ਹੈ। ਪੁਲਿਸ ਵੱਲੋਂ ਦਿਨ ਦੇ ਨਾਲ-ਨਾਲ ਰਾਤ ਸਮੇਂ ਵੀ ਸਪੈਸ਼ਲ ਚੈਕਿੰਗ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਅੱਜ ਰਾਤ ਸਮੇਂ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਰਾਤ ਸਮੇਂ ਦੇ ਸੁਰੱਖਿਆ ਅਤੇ ਪੁਲਿਸ ਨਾਕਿਆਂ ਦੀ ਚੈਕਿੰਗ ਕਰਨ ਬਰਨਾਲਾ ਪਹੁੰਚੇ।
ਇਸ ਦੌਰਾਨ ਆਈਜੀ ਛੀਨਾ ਨੇ ਕਿਹਾ ਕਿ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਅਤੇ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਹਨ। ਸਮਾਜਿਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪੁਲਿਸ 24 ਘੰਟੇ ਸੜਕਾਂ ਤੇ ਆਪਣੀ ਡਿਊਟੀ ਦੇ ਰਹੀ ਹੈ। ਉਹਨਾਂ ਬਰਨਾਲਾ ਪੁਲਿਸ ਦੇ ਸੁਰੱਖਿਆ ਅਤੇ ਚੈਕਿੰਗ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।
ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ: ਇਸ ਮੌਕੇ ਗੱਲਬਾਤ ਕਰਦਿਆਂ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਉਹ ਅੱਜ ਬਰਨਾਲਾ ਜਿਲ੍ਹੇ ਵਿੱਚ ਪੁਲਿਸ ਦੇ ਰਾਤ ਸਮੇਂ ਦੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕਰਨ ਆਏ ਹਨ। ਪੰਜਾਬ ਵਿੱਚ ਮਨਾਏ ਜਾ ਰਹੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦੇ ਘੱਲੂਘਾਰਾ ਹਫ਼ਤੇ ਤਹਿਤ ਪੂਰੇ ਪੰਜਾਬ ਦੀ ਪੁਲਿਸ ਹਾਈ ਅਲਰਟ ਤੇ ਹੈ ਅਤੇ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਚੱਲ ਰਹੇ ਹਨ।
'ਅਮਨ ਸ਼ਾਂਤੀ ਭੰਗ ਨਾ ਹੋਵੇ': ਰੋਜ਼ਾਨਾ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਅਤੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ। ਥਰੈਟ ਪਰਸਨ ਦੀ ਸਕਿਓਰਟੀ ਦਾ ਰਿਵਿਊ ਲਿਆ ਗਿਆ ਹੈ ਤਾਂ ਕਿ ਕੋਈ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਸਮਾਜ ਵਿਰੋਧੀ ਅਤੇ ਕ੍ਰਿਮੀਨਲ ਕਿਸਮ ਦੇ ਲੋਕਾਂ ਦੀ ਸਨਾਖ਼ਤ ਕੀਤੀ ਹੈ। ਕਿਸੇ ਵੀ ਵਰਗ ਨਾਲ ਸਬੰਧਤ ਰੈਡਕੀਲ ਕਿਸਮ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਭੜਕਾਊ ਸਪੀਚ, ਪੋਸਟਰ ਨਾ ਵਰਤਣ, ਜਿਸ ਨਾਲ ਸਮਾਜਿਕ ਮਾਹੌਲ ਅਤੇ ਅਮਨ ਸ਼ਾਂਤੀ ਭੰਗ ਹੋਵੇ।
ਬਰਨਾਲਾ ਦੇ ਲੋਕਾਂ ਦੀ ਕੀਤੀ ਤਾਰੀਫ: ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਿਨ ਅਤੇ ਰਾਤ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਬਕਰਾਰ ਰੱਖਣ ਲਈ ਡਿਊਟੀ ਦੇ ਰਹੀ ਹੈ। ਬਰਨਾਲਾ ਬਹੁਤ ਸ਼ਾਂਤੀ ਵਾਲਾ ਸ਼ਹਿਰ ਹੈ। ਜਿਲ੍ਹੇ ਭਰ ਦੇ ਲੋਕ ਪੁਲਿਸ ਨਾਲ ਤਾਲਮੇਲ ਕਰਨ ਵਾਲੇ ਹਨ ਅਤੇ ਪੱਖ ਤੋਂ ਪੁਲਿਸ ਨੂੰ ਸਾਥ ਦਿੰਦੇ ਹਨ। ਲੋਕਾਂ ਨੂੰ ਇਹੀ ਅਪੀਲ ਹੈ ਕਿ ਕਿਸੇ ਵੀ ਭੜਕਾਊ ਕਿਸਮ ਦਾ ਪ੍ਰਚਾਰ ਨਾ ਤਾਂ ਕੀਤਾ ਜਾਵੇ ਅਤੇ ਨਾ ਹੀ ਕਿਸੇ ਭੜਕਾਊ ਪ੍ਰਚਾਰ ਦੇ ਬਹਿਕਾਵੇ ਵਿੱਚ ਆਉਣ ਤਾਂ ਜੋ ਸਮਾਜਿਕ ਮਾਹੌਲ ਸ਼ਾਂਤਮਈ ਰਹੇ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।