ਬਰਨਾਲਾ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਹੁਣ ਅੱਖੋਂ ਮੁਨਾਖੇ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਅੱਜ ਸੂਬੇ ਦੀਆਂ ਦੋ ਸੰਸਥਾਵਾਂ ਵਿੱਚ ਰਹਿੰਦੇ 51 ਨੇਤਰਹੀਣਾਂ ਵੱਲੋਂ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਗਈ।
ਬਰਨਾਲਾ ਜ਼ਿਲੇ ਦੇ ਟੱਲੇਵਾਲ ਨੇੜਲੇ ਪਿੰਡ ਨਰਾਇਣਗੜ ਸੋਹੀਆਂ ਵਿਖੇ ਨੇਤਰਹੀਣ ਆਸ਼ਰਮ ਚਲਾ ਰਹੇ ਬਾਬਾ ਸੂਬਾ ਸਿੰਘ ਦੀ ਅਗਵਾਈ ਵਿੱਚ ਨੇਤਰਹੀਣਾਂ ਵੱਲੋਂ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਦੇ ਨਾਲ ਲੁਧਿਆਣਾ ਦੀ ਭਾਰਤ ਨੇਤਰਹੀਣ ਸੇਵਾ ਸਮਾਜ ਸੰਸਥਾ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਜਿਨ੍ਹਾਂ ਨੇ ਹੱਥਾਂ ਵਿੱਚ ਨੇਤਰਹੀਣ ਕਿਸਾਨਾਂ ਦੇ ਨਾਲ ਦੇ ਲੋਗੋ ਵਾਲੇ ਮਾਟੋ ਹੱਥਾਂ ਵਿੱਚ ਫ਼ੜੇ ਹੋਏ ਸਨ। ਇਨ੍ਹਾਂ ਦੋਵੇਂ ਸੰਸਥਾਵਾਂ ਦੇ ਮੁਖੀ ਖ਼ੁਦ ਅੱਖੋ ਮੁਨਾਖੇ ਹਨ।
ਬਾਬਾ ਸੂਬਾ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸਾਡੀ ਕਿਸਾਨੀ ਅਤੇ ਨੌਜਵਾਨੀ ਸੜਕਾਂ ਉਪਰ ਹੈ। ਜਿਨ੍ਹਾਂ ਲਈ ਨੇਤਰਹੀਣ ਸਮਾਜ ਵੱਲੋਂ ਉਹ ਇੱਕ ਸੰਕੇਤਕ ਰੂਪ ਵਿੱਚ ਆਏ ਹਨ। ਜੇਕਰ ਲੋੜ ਪਈ ਤਾਂ ਪੱਕੇ ਤੌਰ ’ਤੇ ਵੀ ਇਸ ਮੋਰਚੇ ਵਿੱਚ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ। ਸਾਨੂੰ ਭਾਵੇਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਪਰ ਸਾਡੇ ਦਿਮਾਗ ਦੀ ਰੌਸ਼ਨੀ ਚਾਲੂ ਹੈ।