ਬਰਨਾਲਾ: ਹੋਲੀ ਦਾ ਤਿਉਹਾਰ ਮਨਾਉਣ ਲਈ ਬਰਨਾਲਾ ਸ਼ਹਿਰ ਵਿੱਚ ਦੁਕਾਨਾਂ ਸੱਜ ਗਈਆਂ ਹਨ। ਬਾਜ਼ਾਰ ਅਤੇ ਦੁਕਾਨਾਂ ਅਲੱਗ ਅਲੱਗ ਰੰਗਾਂ, ਪਿਚਕਾਰੀਆਂ ਅਤੇ ਗੁਬਾਰਿਆਂ ਨਾਲ ਸਜ ਗਏ ਹਨ। ਬੱਚਿਆਂ ਦੇ ਪੇਪਰ ਹੋਣ ਅਤੇ ਤਿਉਹਾਰ ਪਹਿਲਾਂ ਤੋਂ ਛੇਤੀ ਆਉਣ ਕਰਕੇ ਹੋਲੀ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਘੱਟ ਦਿਖਾਈ ਦੇ ਰਿਹਾ ਹੈ। ਜਦਕਿ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਪੁਲਿਸ ਨੇ ਸਖ਼ਤ ਪ੍ਰਬੰਧਾਂ ਦਾ ਦਾਅਵਾ ਕੀਤਾ ਹੈ। ਐਸਐਸਪੀ ਬਰਨਾਲਾ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਮਨ ਤਰੀਕੇ ਹੋਲੀ ਮਨਾਉਣ ਦੀ ਅਪੀਲ ਕੀਤੀ ਹੈ, ਜਦਕਿ ਉਹਨਾਂ ਮਾਹੌਲ ਖਰਾਬ ਕਰਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।
ਫਿੱਕਾ ਹੋਇਆ ਤਿਉਹਾਰ: ਇਸ ਮੌਕੇ ਲੰਮੇ ਸਮੇਂ ਤੋਂ ਰੋਜ਼ਾਨਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਰੰਗਾਂ ਦਾ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹਨਾਂ ਦਾ ਕੰਮ ਪੱਕੇ ਰੰਗਾਂ ਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਹੋਲੀ ਦਾ ਤਿਉਹਾਰ ਬਹੁਤ ਫਿੱਕਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਪੇਪਰ ਚਲ ਰਹੇ ਹਨ ਅਤੇ ਹੋਲੀ ਦਾ ਤਿਉਹਾਰ ਪਹਿਲਾਂ ਨਾਲੋਂ ਵੀਹ ਦਿਨ ਛੇਤੀ ਆਇਆ ਹੈ। ਇਸ ਕਰਕੇ ਇਹ ਰੰਗਾਂ ਦੀ ਵਿਕਰੀ ਪਹਿਲਾਂ ਨਾਲੋਂ ਬਹੁਤ ਘੱਟ ਹੋ ਰਹੀ। ਉਹਨਾਂ ਦੱਸਿਆ ਕੀ ਹੋਲੀ ਦੇ ਤਿਉਹਾਰ ਪ੍ਰਤੀ ਲੋਕਾਂ ਵਿੱਚ ਵੀ ਪਹਿਲਾਂ ਵਾਂਗ ਉਤਸ਼ਾਹ ਨਹੀਂ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਰੰਗ ਵੀ ਖੁਸ਼ਬੂਦਾਰ ਬਹੁਤ ਚੰਗੇ ਆਏ ਹਨ। ਪਿਚਕਾਰੀਆਂ ਵੀ ਲੜਕੇ ਅਤੇ ਲੜਕੀਆਂ ਲਈ ਅਲੱਗ-ਅਲੱਗ ਆਈਆਂ ਹਨ। ਗੁਬਾਰੇ ਵੀ ਵੱਖ-ਵੱਖ ਕਿਸਮ ਦੇ ਆਏ ਹਨ। ਉਹਨਾਂ ਦੱਸਿਆ ਕਿ ਬੱਚਿਆਂ ਦੇ ਪੇਪਰ ਹੋਣ ਦੇ ਬਾਵਜੂਦ ਮਾਂ-ਬਾਪ ਆਪਣੇ ਬੱਚਿਆਂ ਨੂੰ ਰੰਗ ਖਰੀਦ ਕੇ ਦੇ ਰਹੇ ਹਨ।
ਸੁਰੱਖਿਆ ਦੇ ਪੁਖਤਾ ਪ੍ਰਬੰਧ: ਹੋਲੀ ਦੇ ਤਿਉਹਾਰ ਸਬੰਧੀ ਸੁਰੱਖਿਆ ਪ੍ਰਬੰਧਾਂ ਸਬੰਧੀ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਬਰਨਾਲਾ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤਿਉਹਾਰ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿਚ ਅਲੱਗ-ਅਲੱਗ ਥਾਵਾਂ ਤੇ ਉਸ ਦੀ ਨਾਕੇਬੰਦੀ ਕੀਤੀ ਗਈ ਅਤੇ ਨਾਲ ਹੀ ਪੁਲਿਸ ਪੈਟਰੋਲਿੰਗ ਦੀ ਡਿਊਟੀ ਵੀ ਨਾਲੋਂ ਨਾਲ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹੋਲੀ ਦਾ ਤਿਉਹਾਰ ਅਮਨ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ। ਐੱਸਐਸਪੀ ਬਰਨਾਲਾ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਮੌਕੇ ਨੌਜਵਾਨ ਹੁੱਲੜਬਾਜ਼ੀ ਨਾ ਕਰਨ। ਕਿਸੇ ਵੀ ਵਿਅਕਤੀ ਨੂੰ ਬੇਵਜ੍ਹਾ ਰੰਗ ਪਾ ਕੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਜੇਕਰ ਕੋਈ ਵੀ ਵਿਅਕਤੀ ਸ਼ਹਿਰ ਦਾ ਮਹੌਲ ਖਰਾਬ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- Holi celebrated in PU: ਪੰਜਾਬ ਯੂਨੀਵਰਸਿਟੀ ’ਚ ਉੱਡੇ ਹੋਲੀ ਦੇ ਰੰਗ, ਵਿਦਿਆਰਥੀਆਂ ਨੇ 3 ਸਾਲ ਬਾਅਦ ਮਿਲ ਕੇ ਖੇਡੀ ਹੋਲੀ