ਬਰਨਾਲਾ: ਸੂਬਾਈ ਕਮੇਟੀ ਦੇ ਸੱਦੇ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਵੱਲੋਂ ਡੀਸੀ ਕੰਪਲੈਕਸ ਬਰਨਾਲਾ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਅਧੂਰੇ ਨੋਟੀਫਿਕੇਸ਼ਨ ਨੇ ਆਪ ਸਰਕਾਰ ਦੇ ਦੋਗਲੇ ਚਿਹਰੇ ਨੂੰ ਬਿੱਲਕੁਲ ਨੰਗਾ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਨਾਲ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਅਧੂਰੇ ਨੋਟੀਫਿਕੇਸ਼ਨ ਦੇ ਰੋਸ ਵਜੋਂ 26 ਫਰਵਰੀ ਨੂੰ ਧੂਰੀ ਮਹਾਂਰੈਲੀ ਵਿੱਚ ਹੁੰਮ ਹੁੰਮਾ ਕੇ ਪਹੁੰਚਿਆ ਜਾਵੇਗਾ ਅਤੇ ਇਹ ਰੈਲੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਫੈਸਲਾਕੁੰਨ ਸਾਬਿਤ ਹੋਵੇਗੀ। ਆਗੂਆਂ ਨੇ ਕਿਹਾ ਕਿ ਅਜੇ ਤੱਕ ਐਨਪੀਐਸ ਮੁਲਾਜ਼ਮਾਂ ਨੂੰ ਨਾ ਤਾਂ ਜੀ.ਪੀ.ਐੱਫ. ਨੰਬਰ ਅਲਾਟ ਕੀਤਾ ਗਿਆ ਹੈ ਅਤੇ ਨਾ ਹੀ ਐਨ.ਪੀ.ਐੱਸ. ਦੀ ਕਟੌਤੀ ਬੰਦ ਹੋਈ ਹੈ। ਉਹਨਾਂ ਜਲਦੀ ਤੋਂ ਜਲਦੀ ਨਿਰਧਾਰਿਤ ਮਾਪਦੰਡ ਅਤੇ ਸੇਵਾ ਸ਼ਰਤਾਂ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕਿ ਪੈਨਸ਼ਨ ਤੈਅ ਕਰਨ ਸਮੇਂ 20 ਸਾਲਾਂ ਦੀ ਸਰਵਿਸ ਤੇ ਪੂਰੀ ਪੈਨਸ਼ਨ ਦਿੱਤੀ ਜਾਵੇ। ਨੌਕਰੀਆਂ ਲੇਟ ਮਿਲਣ ਕਾਰਨ ਸਰਵਿਸ ਦਾ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਜ਼ਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਾ ਮਿਲਣ ਕਾਰਨ ਐੱਨਪੀਐੱਸ ਮੁਲਾਜ਼ਮਾਂ 'ਤੇ ਦੋਹਰੀ ਮਾਰ ਪੈਂਦੀ ਹੈ। ਇਸ ਮੌਕੇ ਹਾਜ਼ਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਸਮਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ 'ਪੁਰਾਣੀ ਪੈਨਸ਼ਨ ਬਹਾਲੀ ਸੰਘਰਸ ਕਮੇਟੀ ਪੰਜਾਬ' ਦੀ ਅਗਵਾਈ ਵਿੱਚ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜੋ: Earthquakes in Turkey and Syria: ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਪਾਰ