ਬਰਨਾਲਾ: ਪੰਜਾਬ ਚ ਵਿਧਾਨਸਭਾ 2022 ਦੀਆਂ ਚੋਣਾਂ ਦਾ ਬਿਗੁੱਲ ਵਜ ਚੁੱਕਿਆ ਹੈ। ਜਿਸਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ ਗਿਆ। ਇਸ ਗਠਜੋੜ ਨੂੰ ਲੈ ਕੇ ਕਈ ਸਿਆਸੀ ਆਗੂਆਂ ਵੱਲੋਂ ਆਪਣੀ ਪ੍ਰਤੀਕ੍ਰਿਰਿਆ ਦਿੱਤੀ ਜਾਣ ਲੱਗ ਪਈ ਹੈ। ਦੱਸਦਈਏ ਕਿ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਗਠਜੋੜ ਨੂੰ ਡਰਾਮਾ ਦਾ ਨਾਮ ਦਿੱਤਾ ਹੈ।
ਸੁਖਬੀਰ ਬਾਦਲ ਚਾਹੇ ਓਬਾਮਾ ਨਾਲ ਕਰ ਲਵੇ ਗਠਜੋੜ
ਆਪ ਵਿਧਾਇਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਰਿਹਾ। ਸੁਖਬੀਰ ਸਿੰਘ ਬਾਦਲ ਨੂੰ ਸਿਰਫ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਦੀ ਡੁੱਬਦੀ ਬੇੜੀ ਪਾਰ ਲੱਗ ਜਾਵੇ। ਪਰ ਸੁਖਬੀਰ ਬਾਦਲ ਨੂੰ ਆਪਣੇ ਮਨ ਵਿੱਚੋਂ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਬਚਾ ਨਹੀਂ ਸਕਦੀ। ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਚਲਾਈ ਗਈ ਗੁੰਡਾਗਰਦੀ ਅਤੇ ਮਾਫੀਆ ਰਾਜ ਨੂੰ ਅਜੇ ਤਕ ਭੁੱਲੇ ਨਹੀਂ ਹਨ।
ਪੰਜਾਬ ਨੂੰ ਅਕਾਲੀਆਂ ਵੱਲੋਂ ਰੱਜ ਕੇ ਲੁੱਟਿਆ ਗਿਆ। ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਸੁਖਬੀਰ ਬਾਦਲ ਵੱਲੋਂ ਪੰਜਾਬ ਨੂੰ ਲੁੱਟ ਕੇ ਬਣਾਈ ਗਈ ਹੈ, ਜਿਸ ਨੂੰ ਪੰਜਾਬ ਦੇ ਲੋਕ ਅੱਜ ਤਕ ਨਹੀਂ ਭੁੱਲੇ। ਸੁਖਬੀਰ ਬਾਦਲ ਚਾਹੇ ਓਬਾਮਾ ਨਾਲ ਗੱਠਜੋੜ ਕਰ ਲਵੇ, ਪਰ ਉਨ੍ਹਾਂ ਦੀ ਡੁਬਦੀ ਬੇੜੀ ਨੂੰ ਕੋਈ ਨਹੀਂ ਬਚਾ ਸਕਦਾ।
ਦਲਿਤਾਂ ਦੇ ਨਾਂ ’ਤੇ ਅਕਾਲੀ ਦਲ ਅਤੇ ਕਾਂਗਰਸ ਕਰ ਰਹੀ ਡਰਾਮਾ
ਵਿਧਾਇਕ ਨੇ ਕਿਹਾ ਕਿ ਦਲਿਤਾ ਦਾ ਨਾਂ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਡਰਾਮੇਬਾਜ਼ੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਮੰਤਰੀ ਦਲਿਤ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਦੇ ਵਜ਼ੀਫ਼ਾ ਫੰਡ ਖਾ ਗਏ, ਉਸ ਸਮੇਂ ਇਨ੍ਹਾਂ ਨੂੰ ਦਲਿਤਾ ਦੀ ਯਾਦ ਨਹੀਂ ਆਈ। ਇਨ੍ਹਾਂ ਦੋਵੇਂ ਪਾਰਟੀਆਂ ਦਾ ਪੁਰਾਣਾ ਰਿਕਾਰਡ ਚੱਕ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੇ ਦਲਿਤਾ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਕੀਤਾ।
ਆਮ ਆਦਮੀ ਕਿਸੇ ਪਾਰਟੀ ਨਾਲ ਨਹੀਂ ਕਰੇਗੀ ਗਠਜੋੜ
ਆਪ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਨਾਲ ਵਿਧਾਨ ਸਭਾ ਚੋਣਾਂ ਮੌਕੇ ਗੱਠਜੋੜ ਨਹੀਂ ਕਰੇਗੀ। ਜੇਕਰ ਸੁਖਦੇਵ ਸਿੰਘ ਢੀਂਡਸਾ ਸਮੇਤ ਹੋਰ ਸਾਫ਼ ਛਵੀ ਵਾਲੇ ਲੀਡਰ ਆਮ ਆਦਮੀ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਕਿਉਂਕਿ ਪੰਜਾਬ ਦਾ ਅੱਜ ਬੱਚਾ ਬੱਚਾ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਜਾਣੂ ਹੋ ਚੁੱਕਾ ਹੈ।
ਇਹ ਵੀ ਪੜੋ: Akali-BSP Alliance: ਬਸਪਾ 20 ਅਤੇ ਅਕਾਲੀ ਦਲ 97 ਸੀਟਾਂ 'ਤੇ ਲੜੇਗਾ ਚੋਣ