ਬਰਨਾਲਾ: ਸਿਹਤ ਵਿਭਾਗ ਪੰਜਾਬ ‘ਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਕੱਚੇ ਮੁਲਾਜ਼ਮਾਂ ਵੱਲੋਂ ਰੈਗੂਲਰ ਹੋਣ ਦੀ ਮੰਗ ਲਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਐਲਾਣ ਕੀਤਾ ਗਿਆ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਸੰਗਰੂਰ ਰੈਲੀ ਦੀ ਰੂਪ ਰੇਖਾ ਉਲੀਕਦਿਆਂ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਚੋਣ ਦੌਰਾਨ ਉਹ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਚੋਣ ਵਾਅਦੇ ਯਾਦ ਕਰਵਾਉਣਗੇ।
ਇਹ ਵੀ ਪੜੋ: ਭਾਰਤ ਪਾਕਿ ਸਰਹੱਦ ‘ਤੇ ਇੱਕ ਵਾਰ ਫਿਰ ਦੇਖਿਆ ਡਰੋਨ
ਜਿਕਰਯੋਗ ਹੈ ਕਿ 10 ਹਜਾਰ ਦੇ ਕਰੀਬ ਠੇਕਾ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ‘ਤੇ ਸਿਹਤ ਵਿਭਾਗ ‘ਚ ਕੰਮ ਕਰ ਰਹੇ ਹਨ।ਸਿਹਤ ਵਿਭਾਗ ਦੇ ਹਰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਇਨ੍ਹਾਂ ਕਰਮਚਾਰੀਆਂ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਹੈ ਇੱਥੋਂ ਤੱਕ ਕਿ ਕੋਵਿਡ 19 ਵਰਗੀ ਭਿਆਨਕ ਮਹਾਂਮਾਰੀ ਨਾਲ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਇਸ ਮਹਾਂਮਾਰੀ ਤੇ ਵੀ ਜਿੱਤ ਪ੍ਰਾਪਤ ਕੀਤੀ ਹੈ। ਸਰਕਾਰ ਜਿਹੜ੍ਹੀ ਮਰਜੀ ਹੋਵੇ, ਇਹ ਕਾਮੇ ਹਮੇਸਾਂ ਆਪਣੀਆਂ ਹੱਕੀ ਜਾਇਜ਼ ਮੰਗਾਂ ਨੂੰ ਮਨਵਾਉਣ ਅਤੇ ਭਖਦੇ ਮਸਲਿਆਂ ਨੂੰ ਲੈ ਕੇ ਹੜਤਾਲਾਂ,ਰੋਸ ਰੈਲੀਆਂ,ਧਰਨੇ ਆਦਿ ਲਗਾਉਦੇ ਰਹਿੰਦੇ ਹਨ ਤਾਂ ਜੋ ਇਨ੍ਹਾਂ ਦੀ ਰੈਗੂਲਰ ਦੀ ਮੰਗ ਦਾ ਹੱਲ ਹੋ ਸਕੇ।
ਇਸ ਸਬੰਧੀ ਐਨ ਐਚ ਐਮ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਠੇਕਾ ਕਰਮਚਾਰੀਆਂ ਨੁੰ ਬਹੁਤ ਉਮੀਦਾਂ ਸਨ ਪਰੰਤੂ ਅਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਕਲੀਅਰ ਕੀਤਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨਗੇ ਜਾਂ ਨਹੀਂ ਅਤੇ ਨਾ ਹੀ ਇਸ ਵਿਸੇæ ਤੇ ਉਹ ਯੂਨੀਅਨ ਦੇ ਵਫਦ ਨਾਲ ਕੋਈ ਗੱਲਬਾਤ ਕਰਨ ਨੁੰ ਤਿਆਰ ਹਨ, ਜਿਸਦੇ ਰੋਸ ਵਜੋਂ ਨੈਸ਼ਨਲ ਹੈਲਥ ਮਿਸਨ ਦੇ ਕਰਮਚਾਰੀ ਆਮ ਆਦਮੀ ਪਾਰਟੀ ਦੀ ਮੰਨੀ ਜਾਣ ਵਾਲੀ ‘ਰਾਜਧਾਨੀ’ ਅਤੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 19 ਜੂਨ ਦਿਨ ਐਤਵਾਰ ਨੂੰ ਰੋਸ ਰੈਲੀ ਕਰਨ ਜਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਜੇਕਰ ਮਾਣਯੋਗ ਮੁੱਖ ਮੰਤਰੀ ਸਾਹਿਬ ਇਨ੍ਹਾਂ ਕਰਮਚਾਰੀਆਂ ਨਾਲ ਗੱਲਬਾਤ ਨਹੀ ਕਰਦੇ ਅਤੇ ਰੈਗੂਲਰ ਕਰਨ ਦਾ ਵਿਸ਼ਵਾਸ ਨਹੀਂ ਦਿੰਦੇ ਤਾਂ ਇਹ ਕਰਮਚਾਰੀ ਕਦੇ ਵੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਸਕਦੇ ਹਨ।ਇਸ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਐਤਵਾਰ ਨੂੰ ਸੰਗਰੂਰ ਵਿਖੇ ਸਰਕਾਰ ਦੀ ਅਸਲੀਅਤ ਲੋਕਾਂ ਅੱਗੇ ਰੱਖਣਗੇ।