ਬਰਨਾਲਾ: ਸੂਬਾ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਭਾਵੇਂ ਅਨੇਕਾਂ ਵਾਅਦੇ ਕੀਤੇ ਜਾ ਰਹੇ ਹਨ। ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਹੀ ਵਿਖਾਈ ਦੇ ਰਹੀ ਹੈ। ਖੇਡ ਮੰਤਰੀ ਦੇ ਆਪਣੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਦੀਵਾਨਾ ਦੀ ਨਵਜੋਤ ਕੌਰ ਹਾਕੀ ਖਿਡਾਰਨ ਨੌਕਰੀ ਨਾ ਮਿਲਣ ਤੋਂ ਨਿਰਾਸ ਹੈ।
38 ਵਾਰ ਮੈਡਲ ਅਤੇ ਸਰਟੀਫ਼ਿਕੇਟ ਫਿਰ ਵੀ ਨੌਕਰੀ ਨਹੀਂ: ਇਹ ਖਿਡਾਰਨ ਰਾਸ਼ਟਰੀ ਟੀਮ ਦੇ ਕੈਂਪ ਵਿਚ ਹਿੱਸਾ ਲੈਣ ਦੇ ਬਾਵਜੂਦ ਸਰਕਾਰੀ ਨਿਰਾਸ਼ ਹੋ ਕੇ ਆਮ ਨੌਜਵਾਨਾਂ ਵਾਂਗ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਪੱਧਰ ’ਤੇ ਦਰਜਨ ਵਾਰ ਕੌਮੀ ਪੱਧਰ ’ਤੇ ਗੋਲਡ ਮੈਡਲ ਅਤੇ ਕੁੱਲ 38 ਵਾਰ ਮੈਡਲ ਅਤੇ ਸਰਟੀਫ਼ਿਕੇਟ ਹਾਸਲ ਕਰ ਚੁੱਕੀ ਹੈ। ਨਵਜੋਤ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਠੋਕਰਾਂ ਖਾ ਰਹੀ ਹੈ।
ਰਾਸ਼ਟਰੀ ਪੱਧਰ ਉਤੇ ਸੂਬੇ ਦਾ ਨਾਂ ਰੋਸ਼ਨ: ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਸਮੇਂ ਨਵਜੋਤ ਨੇ ਪਹਿਲੀ ਵਾਰ ਹਾਕੀ ਫੜਨ ਮਗਰੋਂ ਇਸ ਖੇਡ ਨਾਲ ਜਨੂੰਨ ਦੀ ਹੱਦ ਤੱਕ ਪਿਆਰ ਕੀਤਾ। ਨਿਮਨ ਮੱਧ ਵਰਗੀ ਪਰਿਵਾਰ ਨੇ ਆਪਣੀ ਲਾਡਲੀ ਦੇ ਇਸ ਖੇਡ ਨਾਲ ਲਗਾਅ ਨੂੰ ਹਰ ਪੱਧਰ ’ਤੇ ਉਤਸ਼ਾਹਿਤ ਕੀਤਾ। ਪਹਿਲਾਂ ਜ਼ਿਲ੍ਹਾ ਫੇਰ ਸੂਬਾ ਅਤੇ ਅੱਗੇ ਜਾ ਕੇ ਰਾਸ਼ਟਰੀ ਪੱਧਰ ’ਤੇ ਸੂਬੇ ਦਾ ਨਾਂ ਚਮਕਾਉਣ ਦੇ ਬਾਵਜੂਦ ਹੁਣ ਉਸ ਨੂੰ ਰੁਜ਼ਗਾਰ ਹਾਸਲ ਕਰਨ ਲਈ ਦਰ-ਦਰ ਭਟਕਣਾ ਪੈ ਰਿਹਾ ਹੈ।
ਹਰਿਆਣਾ ਦੀਆਂ ਸਾਥੀ ਖਿਡਾਰਨਾਂ ਨੂੰ ਸਰਕਾਰ ਵੱਲੋਂ ਨੌਕਰੀ: ਸਕੂਲੀ, ਅੰਤਰ ਕਾਲਜ, ਜੂਨੀਅਰ ਅਤੇ ਸੀਨੀਅਰ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਨਵਜੋਤ ਹੁਣ ਸਿਸਟਮ ਤੋਂ ਹਾਰ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਹੈ। ਗ੍ਰੈਜੂਏਸ਼ਨ ਪਾਸ ਨਵਜੋਤ ਨੂੰ ਕਰੋਨਾ ਕਾਰਨ ਦੋ ਸਾਲ ਘਰ ਬੈਠਣਾ ਪਿਆ। ਇਸੇ ਦੌਰਾਨ ਗੁਆਂਢੀ ਰਾਜ ਹਰਿਆਣਾ ਨਾਲ ਸਬੰਧਤ ਉਸ ਦੀਆਂ ਸਾਥੀ ਖਿਡਾਰਨਾਂ ਨੂੰ ਸਰਕਾਰ ਵੱਲੋਂ ਨੌਕਰੀ ਅਤੇ ਬਣਦਾ ਮਾਣ ਸਤਿਕਾਰ ਦਿੱਤਾ ਗਿਆ। ਪਰ ਪੰਜਾਬ ਦੀਆਂ ਖਿਡਾਰਨਾਂ ਨੂੰ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ।
ਪਰਿਵਾਰ ਨੂੰ ਸਰਕਾਰ ਤੋਂ ਮਲਾਲ: ਨਵਜੋਤ ਦੇ ਪਿਤਾ ਸੁਖਦੇਵ ਸਿੰਘ ਰਾਜਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਭਾਵੇਂ ਕਈ ਵਾਰ ਛੋਟਾ ਮੋਟਾ ਸਨਮਾਨ ਜ਼ਰੂਰ ਕੀਤਾ ਗਿਆ ਹੈ। ਜੇ ਹਰਿਆਣਾ ਸਰਕਾਰ ਆਪਣੇ ਸੂਬੇ ਦੀਆਂ ਖਿਡਾਰਨਾਂ ਨੂੰ ਨੌਕਰੀ ਦੇ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ। ਭਾਰਤ ਵਿੱਚ ਧੁੰਦਲੇ ਭਵਿੱਖ ਦੇ ਮੱਦੇਨਜ਼ਰ ਉਸਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਜੱਦੋ ਜਹਿਦ ਕਰ ਰਿਹਾ ਹੈ। ਉਸ ਦੀ ਧੀ ਵਿਦੇਸ਼ ਜਾਣ ਲਈ ਆਈਲੈਟਸ ਕਰਨ ਨੂੰ ਮਜਬੂਰ ਹੈ।
ਇਹ ਵੀ ਪੜ੍ਹੋ:- ਪੁਲਿਸ ਨੇ ਫਾਇਰਿੰਗ ਕਰਕੇ ਹੇਠਾਂ ਸੁੱਟਿਆ ਡਰੋਨ, 5 ਕਿਲੋ ਹੈਰੋਇਨ ਕੀਤੀ ਬਰਾਮਦ