ਬਰਨਾਲਾ: ਪਿੰਡ ਨਾਈਵਾਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਪਿੰਡ ਵਾਸੀ ਦੂਜੇ ਦਿਨ ਵੀ ਡਟੇ ਹਨ। ਪਿੰਡ ਵਾਸੀਆਂ ਨੇ ਅੱਤ ਦੀ ਠੰਢ ਵਿੱਚ ਰਾਤ ਵੀ ਟੈਂਕੀ 'ਤੇ ਹੀ ਗੁਜ਼ਾਰੀ। ਪਿੰਡ ਵਾਸੀਆਂ ਦੇ ਇਸ ਸੰਘਰਸ਼ ਦੀ ਬਦੌਲਤ ਇੱਕ ਮੰਗ ਨੂੰ ਪੂਰਾ ਕਰਦੇ ਹੋਏ ਪੁਲਿਸ ਨੇ ਜਾਤੀਸੂਚਕ ਸ਼ਬਦ ਬੋਲਣ ਵਾਲੇ ਅਧਿਆਪਕ 'ਤੇ ਐਸਸੀ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਾਤੀਸੂਚਕ ਸ਼ਬਦ ਬੋਲਣ ਵਾਲੇ ਅਧਿਆਪਕ ਗ੍ਰਿਫ਼ਤਾਰ ਹੋਵੇ, ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਅਤੇ ਪਿੰਡ ਵਾਸੀਆਂ 'ਤੇ ਦਰਜ ਪਰਚੇ ਨੂੰ ਰੱਦ ਕੀਤਾ ਜਾਵੇ। ਜਿੰਨ੍ਹਾਂ ਸਮਾਂ ਇਹ ਤਿੰਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਨ੍ਹਾਂ ਸਮਾਂ ਉਹ ਟੈਂਕੀ 'ਤੇ ਚੜ੍ਹੇ ਰਹਿਣਗੇ ਅਤੇ ਸੰਘਰਸ਼ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਪਿੰਡ ਨਾਈਵਾਲਾ ਵਿਖੇ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਦੇ ਵਿਰੋਧ ਵਿੱਚ ਅਤੇ ਸਕੂਲ ਦੇ ਇੱਕ ਹੋਰ ਅਧਿਆਪਕ ਹਰਪ੍ਰੀਤ ਸ਼ਰਮਾ ਵੱਲੋਂ ਪਿੰਡ ਵਾਸੀਆਂ ਅਤੇ ਸਰਪੰਚਾਂ ਨੂੰ ਜਾਤੀਸੂਚਕ ਸ਼ਬਦ 'ਤੇ ਪਰਚਾ ਦਰਜ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸਕੂਲ ਪ੍ਰਿੰਸੀਪਲ ਦੇ ਬਿਆਨ ਦੇ ਆਧਾਰ 'ਤੇ 25 ਪਿੰਡ ਵਾਸੀਆਂ ਵਿਰੁੱਧ ਕੇਸ ਦਰਜ ਕੀਤਾ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀ ਅੰਮ੍ਰਿਤਪਾਲ ਸਿੰਘ, ਜਗਦੀਸ ਸਿੰਘ, ਮਨਪ੍ਰੀਤ ਕੌਰ, ਰਾਜਵਿੰਦਰ ਸਿੰਘ, ਸੁਖਮਨੀ, ਵਰਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ 16 ਦਸੰਬਰ ਨੂੰ ਸਰਕਾਰੀ ਸਕੂਲ ਦੇ ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਇੱਕ ਸਾਜਿਸ਼ ਤਹਿਤ ਸਕੂਲ ਦੇ ਇੱਕ ਹੋਰ ਅਧਿਆਪਕ ਹਰਪ੍ਰੀਤ ਸ਼ਰਮਾ ਅਤੇ ਪ੍ਰਿੰਸੀਪਲ ਨੇ ਕਰਵਾ ਦਿੱਤੀ ਸੀ। ਇਸਤੋਂ ਇਲਾਵਾ ਅਧਿਆਪਕ ਹਰਪ੍ਰੀਤ ਸ਼ਰਮਾ ਵਲੋਂ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ ਸਨ। ਜਿਸਦੇ ਖਿਲਾਫ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੀ ਪੰਚਾਇਤ ਨੇ ਸਕੂਲ ਅੱਗੇ ਧਰਨਾ ਲਗਾ ਦਿੱਤਾ ਸੀ। ਜਿਸਤੋਂ ਬਾਅਦ ਸਕੂਲ ਦੀ ਇੰਚਾਰਜ ਮੈਡਮ ਦੀ ਸਿਕਾਇਤ 'ਤੇ ਪਿੰਡ ਦੇ 25 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।
ਵਿਦਿਆਰਥੀ ਮਨਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਉਸ ਦਾ ਚੰਗਾ ਅਧਿਆਪਕ ਸੀ ਅਤੇ ਉਨ੍ਹਾਂ ਦੀ ਬਦਲੀ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਸਨੇ ਕਿਹਾ ਕਿ ਅਧਿਆਪਕ ਜਤਿੰਦਰ ਸਿੰਘ ਸਕੂਲ ਤੋਂ ਬਾਅਦ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਂਦਾ ਸੀ ਅਤੇ ਗਰੀਬ ਬੱਚਿਆਂ ਨੂੰ ਆਪਣੀ ਜੇਬ ਵਿਚੋਂ ਸਕੂਲ ਵਰਦੀ, ਕਿਤਾਬਾਂ ਆਦਿ ਦਿੰਦਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕ ਜਤਿੰਦਰ ਸਿੰਘ 'ਤੇ ਲੱਗੇ ਸਾਰੇ ਦੋਸ਼ ਝੂਠੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਵਾਪਸ ਆਪਣੇ ਸਕੂਲ ਭੇਜਿਆ ਜਾਣਾ ਚਾਹੀਦਾ ਹੈ।
ਇਸ ਮਾਮਲੇ ਸਬੰਧੀ ਬਰਨਾਲਾ ਥਾਣਾ ਸਦਰ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਨਾਈਵਾਲਾ ਵਿਖੇ ਇੱਕ ਅਧਿਆਪਕ ਦੀ ਬਦਲੀ ਅਤੇ ਅਧਿਆਪਕ ਹਰਪ੍ਰੀਤ ਇੰਦਰ ਸਿੰਘ (ਉਰਫ ਹਰਪ੍ਰੀਤ ਸ਼ਰਮਾ) ਵਲੋਂ ਲੋਕਾਂ ਨੂੰ ਜਾਤੀਸੂਚਕ ਸ਼ਬਦ ਬੋਲੇ ਜਾਣ ਦਾ ਹੈ। ਸਰਪੰਚ ਦੀ ਸ਼ਿਕਾਇਤ ਦੇ ਆਧਾਰ 'ਤੇ ਅਧਿਆਪਕ ਹਰਪ੍ਰੀਤ ਸ਼ਰਮਾ ਵਿਰੁੱਧ ਐਸਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।