ਬਰਨਾਲਾ: ਚੀਨ ਦੀ ਸਰਹੱਦ 'ਤੇ ਲਾਪਤਾ ਹੋਏ ਫ਼ੌਜੀ ਜਵਾਨ ਸਤਵਿੰਦਰ ਸਿੰਘ ਦਾ ਸਮਾਨ ਭਾਰਤੀ ਫ਼ੌਜ ਨੂੰ ਮਿਲਣ ਤੋਂ ਬਾਅਦ ਪਰਿਵਾਰ ਨੂੰ ਹੁਣ ਉਨ੍ਹਾਂ ਦੇ ਪੁੱਤਰ ਦੇ ਜਿਉਂਦੇ ਜੀਅ ਵਾਪਸ ਪਰਤਣ ਦੀ ਉਮੀਦ ਜਾਗੀ ਹੈ। ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ 'ਤੇ ਗਸ਼ਤ ਦੌਰਾਨ ਇੱਕ ਲੱਕੜ ਦੇ ਪੁਲ ਤੋਂ ਡਿੱਗਣ ਕਾਰਨ ਸਤਵਿੰਦਰ ਸਿੰਘ ਆਪਣੇ ਇੱਕ ਸਾਥੀ ਸਮੇਤ ਲਾਪਤਾ ਹੋ ਗਿਆ ਸੀ। ਇਹ ਘਟਨਾ 22 ਜੁਲਾਈ ਨੂੰ ਵਾਪਰੀ ਸੀ ਅਤੇ ਇਸ ਘਟਨਾ ਨੂੰ 17 ਦਿਨ ਬੀਤ ਚੁੱਕੇ ਹਨ।
ਫ਼ੌਜ ਦੇ ਸੂਬੇਦਾਰ ਵੱਲੋਂ ਸਤਵਿੰਦਰ ਦੇ ਪਰਿਵਾਰ ਨੂੰ ਫ਼ੋਨ 'ਤੇ ਦਿੱਤੀ ਗਈ ਜਾਣਕਾਰੀ ਵਿੱਚ ਇਹ ਦੱਸਿਆ ਗਿਆ ਹੈ ਕਿ ਸਤਵਿੰਦਰ ਦਾ ਪਿੱਠੂ ਬੈਗ ਫ਼ੌਜ ਨੂੰ ਮਿਲ ਗਿਆ ਹੈ ਅਤੇ ਸਤਵਿੰਦਰ ਦੀ ਭਾਲ ਜਾਰੀ ਹੈ। ਸਤਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਬਾ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜੋ ਕਰੀਬ ਡੇਢ ਸਾਲ ਪਹਿਲਾਂ ਹੀ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ। ਸਤਵਿੰਦਰ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਅਜੇ ਤੱਕ ਜ਼ਿਲ੍ਹੇ ਦੇ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਜਾਂ ਸਰਕਾਰ ਦੇ ਨੁਮਾਇੰਦੇ ਨੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ, ਜਿਸ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਰੋਸ ਹੈ।
ਲਾਪਤਾ ਨੌਜਵਾਨ ਸਤਵਿੰਦਰ ਸਿੰਘ ਦੇ ਭਰਾ ਮਨਜਿੰਦਰ ਸਿੰਘ ਅਤੇ ਉਸ ਦੇ ਪਿਤਾ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਫ਼ੌਜ ਵੱਲੋਂ ਫ਼ੋਨ ਆਇਆ ਹੈ ਕਿ ਸਤਵਿੰਦਰ ਸਿੰਘ ਦਾ ਪਿੱਠੂ ਬੈਗ ਉਨ੍ਹਾਂ ਨੂੰ ਮਿਲ ਗਿਆ ਹੈ ਅਤੇ ਜਲਦ ਹੀ ਸਤਵਿੰਦਰ ਦਾ ਵੀ ਪਤਾ ਚੱਲ ਜਾਵੇਗਾ।
ਉੱਥੇ ਹੀ ਸਤਵਿੰਦਰ ਦੇ ਪਿਤਾ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਰੋਂਦੇ ਰੋਂਦੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਪੁੱਤ ਦੇਸ਼ ਦੇ ਨਾਮ ਕੀਤਾ ਹੈ, ਪਰ ਅੱਜ ਉਸ ਦੇ ਪੁੱਤ ਦਾ ਕੁੱਝ ਵੀ ਪਤਾ ਨਹੀਂ ਚੱਲ ਰਿਹਾ। ਸਾਡਾ ਪੁੱਤ ਸਾਨੂੰ ਸਹੀ ਸਲਾਮਤ ਮਿਲ ਜਾਵੇ। ਅਸੀਂ ਗਰੀਬ ਲੋਕ ਹਾਂ ਅਤੇ ਬਹੁਤ ਮੁਸ਼ਕਿਲ ਨਾਲ ਪੁੱਤ ਨੂੰ ਭਰਤੀ ਕਰਵਾਇਆ ਸੀ, ਪਰ ਅੱਜ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਪਿੰਡ ਵਾਸੀਆਂ ਨੇ ਵੀ ਇਸ ਪਰਿਵਾਰ ਦਾ ਸਾਥ ਅਤੇ ਸਹਿਯੋਗ ਦੇ ਰੱਖਿਆ ਹੈ। ਪਿੰਡ ਵਾਸੀ ਦਿਨ ਰਾਤ ਇਨ੍ਹਾਂ ਦੇ ਨਾਲ ਰਹਿੰਦੇ ਹਨ। ਜੇਕਰ ਕਿਸੇ ਚੀਜ਼ ਦੀ ਪਰਿਵਾਰ ਨੂੰ ਲੋੜ ਹੁੰਦੀ ਹੈ ਤਾਂ ਉਹ ਤੁਰੰਤ ਉਸ ਨੂੰ ਪੂਰਾ ਕਰਦੇ ਹਨ। ਸਾਬਕਾ ਸੂਬੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ ਨਾਲ ਉਨ੍ਹਾਂ ਦਾ ਲਗਾਤਾਰ ਰਾਬਤਾ ਬਣਿਆ ਹੋਇਆ ਹੈ।