ਬਰਨਾਲਾ: ਨਗਰ ਕੌਂਸਲ ਧਨੌਲਾ ਦੇ ਐਮਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਐਮਸੀ ਬਲਪੱਧਰ ਸਿੰਘ ਗੋਲਾ ਸ਼ਾਮ ਨੂੰ ਸੰਗਰੂਰ ਤੋਂ ਆਪਣੇ ਘਰ ਧਨੌਲਾ ਆ ਰਿਹਾ ਸੀ। ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਹਰਿਗੜ੍ਹ ਨਹਿਰ ਦੇ ਕੋਲ ਰੌਂਗ ਸਾਈਡ ਤੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਆਪਣੇ ਹੇਠਾਂ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਧਨੌਲਾ ਵਿੱਚ ਭਰਤੀ ਕਰਵਾਇਆ। ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਗ਼ਲਤ ਸਾਈਡ ਆ ਰਹੇ ਵਾਹਨ ਕਾਰਨ ਹਾਦਸਾ : ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਦੇ ਬੇਟੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸੋਢੀ ਨੇ ਕਿਹਾ ਕਿ ਉਹ ਆਪਣੇ ਪਿੱਛੇ ਇਕ ਧੀ ਅਤੇ ਇੱਕ ਪੁੱਤ ਛੱਡ ਗਿਆ ਹੈ। ਉਸ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਉਹ ਇੱਕ ਮੱਧ ਵਰਗੀ ਪਰਿਵਾਰ ਵਿੱਚੋਂ ਉੱਠਿਆ ਹੋਇਆ ਲੋਕਾਂ ਦਾ ਨੁੰਮਾਇੰਦਾ ਸੀ ਜਿਸ ਕਰਕੇ ਪੂਰੇ ਇਲਾਕੇ ਨੂੰ ਦੁੱਖ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗ਼ਲਤ ਸਾਈਡ ਆ ਰਹੇ ਵਾਹਨ ਨੇ ਇੱਕ ਕੀਮਤੀ ਜਾਨ ਲੈ ਲਈ ਹੈ। ਗ਼ਲਤ ਸਾਈਡ ਵਾਹਨ ਚਲਾਉਣ ਵਾਲੇ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਅਣਪਛਾਤੇ ਵਾਹਨ ਦੀ ਭਾਲ ਕਰ ਰਹੀ ਪੁਲਿਸ: ਇਸ ਸਬੰਧੀ ਐਸਐਚਓ ਧਨੌਲਾ ਲਖਵਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਅਣਪਛਾਤੇ ਵਾਹਨ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ ਸੀ। ਫਿਲਹਾਲ ਪੁਲਿਸ ਉਸ ਅਣਪਛਾਤੇ ਵਾਹਨ ਦੀ ਭਾਲ ਕਰ ਰਹੀ ਹੈ। ਟੱਕਰ ਮਾਰਨ ਵਾਲਾ ਅਣਪਛਾਤਾ ਵਾਹਨ ਮੌਕੇ ਤੋਂ ਪੁਲਿਸ ਨੂੰ ਨਹੀਂ ਮਿਲਿਆ ਹੈ। ਏਸ ਘਟਨਾ ਦੀ ਪੁਲਿਸ ਹਰ ਐਂਗਲ ਤੋਂ ਜਾਂਚ ਕਰੇਗੀ।
ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਗਿਆ ਹੈ। ਲਾਸ਼ ਨੂੰ ਪੋਸਟ ਮਾਰਟਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪਰਿਵਾਰਾਂ ਦੇ ਬਿਆਨ ਦੇ ਅਧਾਰ ਉੱਤੇ ਪੁਲਿਸ ਪਰਚਾ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦ ਹੀ ਕਾਬੂ ਕਰਕੇ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੜਕ ਹਾਦਸੇ ਵਿੱਚ ਐਮਸੀ ਦੀ ਮੌਤ ਹੋ ਗਈ ਹੈ ਜਿਸ ਗ਼ਲਤ ਸਾਈਡ ਵਾਹਨ ਵਿੱਚ ਉਸ ਦਾ ਮੋਟਰ ਸਾਇਕਲ ਵੱਜਿਆ ਸੀ, ਪੁਲਿਸ ਉਸ ਵਾਹਨ ਦੀ ਭਾਲ ਕਰ ਰਹੀ ਹੈ।