ਬਰਨਾਲਾ: ਪਿੰਡ ਗੁਰਮ ਵਿਖੇ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਨੇ ਘਰ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕਾ ਨੂੰ ਲੰਬੇ ਸਮੇਂ ਤੋਂ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮ੍ਰਿਤਕਾ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਢਾਈ ਸਾਲ ਦੀ ਬੱਚੀ ਛੱਡ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਉਪਰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਉਥੇ ਲੜਕੀ ਦੇ ਖੁਦਕੁਸ਼ੀ ਦੀ ਥਾਂ ਸਹੁਰਾ ਪਰਿਵਾਰ ਉਪਰ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਨੇ ਮ੍ਰਿਤਕਾ ਦੇ ਸੱਸ, ਸਹੁਰਾ ਅਤੇ ਪਤੀ ਉਪਰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਇਲਜ਼ਾਮ: ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਕਿ ਲੜਕੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਡੈਡਬਾਡੀ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਪੁਲਿਸ ਅਤੇ ਸਾਡੇ ਆਉਣ ਤੋਂ ਪਹਿਲਾਂ ਹੀ ਉਤਾਰ ਲਿਆ। ਮ੍ਰਿਤਕ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸਦਾ ਕਤਲ ਕੀਤਾ ਗਿਆ ਹੈ। ਜਿਸ ਸਬੰਧੀ ਉਹ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਵਿਆਹ ਦੇ ਬਾਅਦ ਤੋਂ ਹੀ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਦਾਜ ਲਈ ਲੜਕੀ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਗਿਆ। ਇਸ ਦੇ 2 ਸਾਲ ਬਾਅਦ ਇਨ੍ਹਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਅਤੇ ਬੇਟੀ ਦੇ ਜਨਮ ਤੋਂ ਸਹੁਰਾ ਪਰਿਵਾਰ ਹੋਰ ਔਖਾ ਹੋ ਗਿਆ। ਇਸ ਸਬੰਧੀ ਪੰਚਾਇਤਾਂ ਵਿੱਚ ਵੀ ਮਾਮਲਾ ਗਿਆ, ਪਰ ਅਸੀਂ ਲੜਕੀ ਦਾ ਘਰ ਵੱਸਿਆ ਰਹੇ। ਇਹ ਸੋਚ ਕੇ ਸਮਝੌਤਾ ਕਰਦੇ ਰਹੇ। ਪਰ, ਬੀਤੇ ਕੱਲ੍ਹ ਲੜਕੀ ਨਾਲ ਇਹ ਘਟਨਾ ਵਾਪਰ ਗਈ। ਉਨ੍ਹਾਂ ਨੇ ਸਹੁਰਾ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਗੁਆਂਢੀਆਂ ਨੇ ਕਿਹਾ- ਝਗੜੇ ਦਾ ਕੋਈ ਮਾਹੌਲ ਨਹੀਂ ਸੀ: ਉਥੇ ਇਸ ਸਬੰਧੀ ਪਿੰਡ ਗੁਰਮ ਦੇ ਮ੍ਰਿਤਕ ਦੇ ਗੁਆਂਢੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਰੌਲਾ ਪਿਆ, ਤਾਂ ਦੇਖਿਆ ਕਿ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਇਸ ਉਪਰੰਤ ਪੁਲਿਸ ਆ ਗਈ, ਜਦਕਿ ਘਰ ਵਿੱਚ ਲੜਾਈ ਝਗੜੇ ਦਾ ਕੋਈ ਮਾਹੌਲ ਨਹੀਂ ਸੀ। ਉਥੇ ਇਸ ਸਬੰਧੀ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਘਟਨਾ ਦੇ ਮੌਕੇ ਉਪਰ ਕੋਈ ਨਹੀਂ ਸੀ। ਲੜਕੀ ਦੇ ਸੱਸ ਅਤੇ ਸਹੁਰਾ ਭੋਗ ਸਮਾਗਮ ਉਪਰ ਗਏ ਹੋਏ ਸਨ। ਜਦਕਿ ਮ੍ਰਿਤਕ ਲੜਕੀ ਦਾ ਪਤੀ ਘਰ ਵਿੱਚ ਰੰਗ ਰੋਗਨ ਵਾਲਿਆਂ ਕੋਲ ਸੀ। ਜਦਕਿ ਇਸੇ ਦਰਮਿਆਨ ਲੜਕੀ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਘਰ ਵਿੱਚ ਲੜਾਈ ਵਗੈਰਾ ਦਾ ਕੋਈ ਮਾਹੌਲ ਨਹੀਂ ਸੀ।
ਸਹੁਰਾ ਪਰਿਵਾਰ ਉੱਤੇ ਮਾਮਲਾ ਦਰਜ : ਉਥੇ ਇਸ ਸਬੰਧੀ ਥਾਣਾ ਠੁੱਲ੍ਹੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਗੁਰਮ ਦਾ ਮਾਮਲਾ ਹੈ। ਪਿੰਡ ਵਿੱਚ ਵਿਆਹੀ ਹੋਈ ਅਰਸ਼ਦੀਪ ਕੌਰ ਦੀ ਮੌਤ ਹੋਈ ਹੈ। ਇਸ ਲੜਕੀ ਦਾ 2019 ਵਿੱਚ ਪਿੰਡ ਗੁਰਮ ਦੇ ਗੁਰਜੰਟ ਸਿੰਘ ਨਾਲ ਵਿਆਹ ਹੋਇਆ ਸੀ। ਇਨ੍ਹਾਂ ਦੇ ਇੱਕ ਛੋਟੀ ਬੱਚੀ ਹੈ। ਉਨ੍ਹਾਂ ਕਿਹਾ ਕਿ ਇਸ ਲੜਕੀ ਨੇ ਬੀਤੇ ਕੱਲ੍ਹ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਦਰਜ ਕਰਕੇ ਲੜਕੀ ਦੇ ਸਹੁਰੇ ਮੇਜਰ ਸਿੰਘ, ਸੱਸ ਮਨਜੀਤ ਕੌਰ ਅਤੇ ਪਤੀ ਗੁਰਜੰਟ ਸਿੰਘ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹੋਰ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।