ਬਰਨਾਲਾ: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਲਗਾਤਾਰ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਇਸੇ ਸਿਲਸਿਲੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਤੋਂ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਿਹਨਾਂ ਵਿਰੁੱਧ ਬਰਨਾਲਾ ਪੁਲਿਸ ਨੇ ਕੇਸ ਦਰਜ਼ ਕਰਕੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਰਨਾਲਾ ਜੇਲ੍ਹ ਭੇਜ ਦਿੱਤਾ ਹੈ।
ਕਿੰਨੇ ਨੌਜਵਾਨ ਕੀਤਾ ਗ੍ਰਿਫ਼ਤਾਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਚਓ ਗੁਰਤਾਰ ਸਿੰਘ ਨੇ ਦੱਸਿਆ ਕਿ 9 ਨੌਜਵਾਨਾਂ ਨੂੰ ਚੀਮਾ ਦੇ ਗੁਰਦੁਆਰਾ ਸਾਹਿਬ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।ਇਨ੍ਹਾਂ ਨੌਜਵਾਨਾਂ ਵੱਲੋਂ ਹੁਲੜਬਾਜ਼ੀ ਕੀਤੀ ਜਾ ਰਹੀ ਸੀ ਅਤੇ ਜਾਮ ਲਗਾਉਣ ਦੀ ਯੋਜਨਾ ਬਣਾ ਰਹੇ ਸੀ। ਜਿਸ ਕਾਰਨ ਇਹਨਾਂ ਨੌਜਵਾਨਾਂ ਉਪਰ 7/51 ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਇਹਨਾਂ ਨੌਜਵਾਨਾਂ ਵਿੱਚ ਜਗਰੂਪ ਸਿੰਘ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ, ਬਿਕਰਮਜੀਤ ਸਿੰਘ ਤੇ ਗੁਰਵਿੰਦਰ ਸਿੰਘ ਵਾਸੀ ਗੁਰਦਾਸਪੁਰ, ਜਸਵੰਤ ਸਿੰਘ ਵਾਸੀ ਮੋਗਾ, ਜਗਜੀਤ ਸਿੰਘ ਵਾਸੀ ਬਠਿੰਡਾ, ਜਸਵੀਰ ਸਿੰਘ ਵਾਸੀ ਦਿੱਲੀ ਤੇ ਇੱਕ ਹੋਰ ਨੌਜਵਾਨ ਸ਼ਾਮਲ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਦੋ ਉਪਰ ਪਹਿਲਾਂ ਵੀ ਮਾਮਲੇ ਦਰਜ਼ ਹਨ। ਇਹਨਾਂ ਨੌਜਵਾਨਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਅੱਗੇ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।
ਨਸ਼ਾ ਛੁਡਾਊ ਕੈਂਪ ਚਲਾ ਰਹੀ ਸੀ ਅੰਮ੍ਰਿਤਪਾਲ ਦੀ ਜੱਥੇਬੰਦੀ: ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਇੱਕ ਮਹੀਨੇ ਤੋਂ ਅੰਮ੍ਰਿਤਪਾਲ ਸਿੰਘ ਦੀ ਜੱਥੇਬੰਦੀ ਨਸ਼ਾ ਛੁਡਾਊ ਕੈਂਪ ਚਲਾ ਰਹੀ ਸੀ। ਇਸ ਕੈਂਪ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਿਲ੍ਹਆਂ ਤੋਂ ਨੌਜਵਾਨ ਆਏ ਹੋਏ ਸਨ। ਸ਼ਨੀਵਾਰ ਨੂੰ ਇਸ ਗੁਰਦੁਆਰਾ ਸਾਹਿਬ ਤੋਂ ਕੈਂਪ ਦੀ ਅਗਵਾਈ ਕਰਨ ਵਾਲੇ ਅੰਮ੍ਰਿਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਮੋਗਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਉੱਪਰ ਪੁਲੀਸ ਨੇ ਨੈਸ਼ਨਲ ਸਕਿਓਰਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਅੰਮ੍ਰਿਤਪਾਲ ਗ੍ਰਿਫ਼ਤ ਚੋਂ ਬਾਹਰ: ਕਾਬਲੇਗੌਰ ਹੈ ਕਿ ਭਾਵੇਂ ਕਿ ਅੰਮ੍ਰਿਤਪਾਲ ਦੇ ਬਹੁਤ ਸਾਰੇ ਸਾਥੀਆਂ ਅਤੇ ਕਰੀਬੀਆਂ ਦੀ ਗ੍ਰਿਫ਼ਤਾਰੀ ਹੋ ਗਈ ਹੈ। ਜਿੰਨ੍ਹਾਂ ਚੋਂ ਕੁੱਝ ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਗਈ ਹੈ, ਪਰ ਹਾਲੇ ਤੱਕ ਅੰਮ੍ਰਿਤਪਲ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹੈ। ਜਿਸ ਦੀ ਭਾਲ ਲਈ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ। ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਵਾਰ-ਵਾਰ ਅਪੀਲ਼ ਕੀਤੀ ਜਾ ਰਹੀ ਹੈ ਕਿ ਤਰ੍ਹਾਂ- ਤਰ੍ਹਾਂ ਦੀ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਪੰਜਾਬ 'ਚ ਸ਼ਾਂਤੀ ਬਣਾ ਕੇ ਰੱਖੀ ਜਾਵੇ।
ਇਹ ਵੀ ਪੜ੍ਹੋ: Bali Case Bathinda: ਮਾਸੂਮ ਭੈਣ ਭਰਾ ਦੀ ਬਲੀ ਦੇਣ ਵਾਲੇ 7 ਲੋਕਾਂ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ, ਇਨਸਾਫ ਲਈ ਕਮੇਟੀ ਕੀਤੀ ਇਹ ਮੰਗ