ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਚੱਲਦੇ ਵਿਵਾਦ ਤਹਿਤ ਅੱਜ ਸ਼ਨੀਵਾਰ ਨੂੰ ਮਨਜੀਤ ਸਿੰਘ ਧਨੇਰ ਦੇ ਧੜੇ ਵੱਲੋਂ ਬਰਨਾਲਾ ਜ਼ਿਲ੍ਹੇ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਜ਼ਿਲ੍ਹਾ ਚੋਣ ਇਜਲਾਸ ਵਿੱਚ ਮਹਿਲਕਲਾਂ, ਸ਼ਹਿਣਾ ਅਤੇ ਬਰਨਾਲਾ ਬਲਾਕਾਂ ਦੀਆਂ ਚਾਰ ਦਰਜਨ ਪਿੰਡ ਇਕਾਈਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਜਥੇਬੰਦੀ ਦੀ ਚੋਣ:- ਬਰਨਾਲਾ ਦੇ ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਵਿਖੇ ਰੱਖੇ ਜੱਥੇਬੰਦੀ ਦੇ ਇਕੱਠ ਦੌਰਾਨ ਕੁਲਵੰਤ ਸਿੰਘ ਭਦੌੜ ਨੂੰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਥਾਪਿਆ ਗਿਆ। ਜਦਕਿ ਸਾਹਿਬ ਸਿੰਘ ਬਡਬਰ ਨੂੰ ਜਨਰਲ ਸਕੱਤਰ, ਹਰਮੰਡਲ ਸਿੰਘ ਜੋਧਪੁਰ ਨੂੰ ਸੀ.ਮੀਤ ਪ੍ਰਧਾਨ, ਜਗਰਾਜ ਸਿੰਘ ਹਰਦਾਸਪੁਰਾ ਮੀਤ ਪ੍ਰਧਾਨ, ਗੁਰਦੇਵ ਸਿੰਘ ਮਾਂਗੇਵਾਲ ਖ਼ਜ਼ਾਨਚੀ,ਰਾਮ ਸਿੰਘ ਸ਼ਹਿਣਾ,ਭਾਗ ਸਿੰਘ ਕੁਰੜ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਉੱਪਲੀ ਸਹਾਇਕ ਖ਼ਜ਼ਾਨਚੀ, ਅਮਰਜੀਤ ਸਿੰਘ ਠੁੱਲੀਵਾਲ ਜਥੇਬੰਦਕ ਸਕੱਤਰ, ਔਰਤ ਵਿੰਗ ਵਿੱਚ ਅਮਰਜੀਤ ਕੌਰ ਅਤੇ ਪ੍ਰੇਮਪਾਲ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ।
ਜਥੇਬੰਦਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ:- ਇਸ ਚੋਣ ਮੌਕੇ ਜੱਥੇਬੰਦੀ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਆਗੂ ਗੁਰਦੀਪ ਸਿੰਘ ਰਾਮਪੁਰਾ, ਅੰਗਰੇਜ਼ ਸਿੰਘ ਮੋਹਾਲੀ ਅਤੇ ਬਲਵੰਤ ਸਿੰਘ ਉਪਲੀ ਹਾਜ਼ਰ ਰਹੇ। ਇਸ ਦੌਰਾਨ ਹੀ ਆਗੂਆਂ ਨੇ ਬੂਟਾ ਸਿੰਘ ਬੁਰਜਗਿੱਲ ਦੇ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਤੇ ਐਲਾਨ ਤੋਂ ਭਗੌੜਾ ਹੋ ਜਾਣ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਨਵੀਆਂ ਚੁਣੌਤੀ ਜਥੇਬੰਦਕ ਢਾਂਚੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਇੱਕ ਆਗੂਆਂ ਦੇ ਰੂਪ ਵਿੱਚ ਅੱਗੇ ਆਉਣ ਲਈ ਕਿਹਾ ਹੈ।
ਕਿਸਾਨ ਕਾਫ਼ਲਿਆਂ ਦਾ ਵਿਸ਼ੇਸ਼ ਧੰਨਵਾਦ:- ਇਸ ਦੌਰਾਨ ਹੀ ਉਹਨਾਂ ਸਿੱਖ ਬੰਦੀਆਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੇ ਸੱਦੇ ਉੱਤੇ 20 ਫ਼ਰਵਰੀ ਨੂੰ ਵੱਡੀ ਗਿਣਤੀ ਵਿੱਚ ਆਉਣ ਲਈ ਜ਼ਿਲ੍ਹਾ ਬਰਨਾਲਾ ਦੇ ਕਿਸਾਨ ਕਾਫ਼ਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਚੋਣ ਇਜਲਾਸ ਵਿੱਚ ਕਿਸਾਨ ਆਗੂਆਂ ਨੇ ਸਜ਼ਾਵਾਂ ਪੂਰੀਆਂ ਕਰਨ ਚੁੱਕੇ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਅਤੇ ਬੁੱਧੀਜੀਵੀਆਂ, ਧਾਰਮਿਕ ਘੱਟ ਗਿਣਤੀਆਂ, ਸਮਾਜਿਕ ਕਾਰਕੁੰਨਾਂ ਤੇ ਦਲਿਤਾਂ ਨੂੰ ਰਿਹਾਅ ਕੀਤਾ ਜਾਵੇ।
20 ਮਾਰਚ ਨੂੰ ਪਾਰਲੀਮੈਂਟ ਵੱਲ ਕੂਚ:- ਇਸ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਸਰਕਾਰ ਖ਼ਿਲਾਫ਼ ਸੁਰੂ ਸੰਘਰਸ਼ ਮੁਹਿੰਮ ਤਹਿਤ ਪੇਸ਼ ਹੋਣ ਜਾ ਰਹੇ ਬਜਟ ਸੈਸ਼ਨ ਦੌਰਾਨ 20 ਮਾਰਚ ਨੂੰ ਪਾਰਲੀਮੈਂਟ ਵੱਲ ਕੂਚ ਹੋ ਰਹੇ ਮਾਰਚ ਵਿੱਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ। ਮਾਰਚ ਦੇ ਪਹਿਲੇ ਪੰਦਰਵਾੜੇ ਪਿੰਡਾਂ ਵਿੱਚ ਬਕਾਇਦਾ ਵੱਡੀਆਂ ਮੀਟਿੰਗਾਂ ਕਰਵਾਕੇ ਤਿਆਰੀ ਕੀਤੀ ਜਾਵੇਗੀ। ਇਸੇ ਹੀ ਤਰ੍ਹਾਂ 23 ਮਾਰਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 28 ਫਰਵਰੀ ਦੀ ਸੂਬਾਈ ਮੀਟਿੰਗ ਵਿੱਚ ਜਲਦ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜੋ:- BKU Dakonda: ਬੀਕੇਯੂ ਡਕੌਂਦਾ ਹੋਈ ਦੋਫਾੜ, ਬੂਟਾ ਸਿੰਘ ਬੁਰਜ ਗਿੱਲ ਨੇ 4 ਕਿਸਾਨਾਂ ਨੂੰ ਕੀਤਾ ਲਾਂਬੇ, ਜਾਣੋ ਹੋਰ ਕੀ ਰਹੇ ਕਾਰਨ