ਬਰਨਾਲਾ: ਕਿਸਾਨ ਆਗੂ ਮਨਜੀਤ ਧਨੇਰ ਨੂੰ ਬਰਨਾਲਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ। ਧਨੇਰ ਦੀ ਰਿਹਾਈ 'ਤੇ ਸਮਰਥਕਾਂ ਵੱਲੋਂ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਕਿਸਾਨ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਜੇਲ੍ਹ ਅੱਗੇ ਕੀਤਾ ਜਾ ਰਿਹਾ ਸੰਘਰਸ਼ ਰੰਗ ਲਿਆਇਆ ਹੈ। ਇਸ਼ ਤੋਂ ਪਹਿਲਾ ਇਸ ਸੰਘਰਸ਼ ਸਦਕਾ ਪੰਜਾਬ ਦੇ ਰਾਜਪਾਲ ਵਲੋਂ ਧਨੇਰ ਦੀ ਸਜ਼ਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਵਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਸਜ਼ਾ ਮੁਆਫੀ ਦੀ ਫਾਈਲ 'ਤੇ ਸਾਈਨ ਕਰ ਦਿੱਤੇ ਹਨ ਅਤੇ ਜਿਸ ਤੋਂ ਬਾਅਦ ਉਸਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਰਾਜ ਭਵਨ ਵੱਲੋਂ ਇਹ ਫਾਈਲ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਭੇਜ ਦਿੱਤੀ ਗਈ ਸੀ।
ਜਾਣਕਾਰੀ ਮੁਤਾਬਕ ਮਨਜੀਤ ਧਨੇਰ ਇੱਕ ਕਤਲ ਮਾਮਲੇ ਵਿੱਚ ਬਰਨਾਲਾ ਜੇਲ੍ਹ ਵਿੱਚ 30 ਸਤੰਬਰ ਤੋਂ ਕੈਦ ਹਨ। ਇਸੇ ਦਿਨ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਧਨੇਰ ਦੀ ਰਿਹਾਈ ਲਈ ਲਗਾਤਾਰ ਜੇਲ੍ਹ ਅੱਗੇ ਸੰਘਰਸ਼ ਚੱਲ ਰਿਹਾ ਸੀ। ਲੋਕਾਂ ਵੱਲੋਂ ਲਗਾਤਾਰ 45 ਦਿਨਾਂ ਤੋਂ ਇਹ ਧਰਨਾ ਜਾਰੀ ਹੈ।
ਸੰਘਰਸ਼ ਕਰ ਰਹੇ ਲੋਕਾਂ ਨੇ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੱਚ ਦੀ ਜਿੱਤ ਹੈ। ਧਨੇਰ ਨੂੰ ਅੱਜ ਸ਼ਾਮ ਤੱਕ ਬਰਨਾਲਾ ਜੇਲ੍ਹ ਵਿਚੋਂ ਰਿਹਾਅ ਕੀਤਾ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਪੂਰੀ ਸ਼ਾਨੋ-ਸ਼ੌਕਤ ਅਤੇ ਢੋਲ ਢਮਾਕੇ ਨਾਲ ਬਰਨਾਲਾ ਸ਼ਹਿਰ ਵਿੱਚ ਮਾਰਚ ਕਰਕੇ ਜ਼ੱਦੀ ਪਿੰਡ ਧਨੇਰ ਲਿਜਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਨਜੀਤ ਧਨੇਰ ਨੇ ਮਹਿਲ ਕਲਾਂ ਵਿਖੇ 1997 'ਚ ਕਿਰਨਜੀਤ ਕੌਰ ਦੇ ਬਲਾਤਕਾਰ/ਕਤਲ ਮਾਮਲੇ ਵਿੱਚ ਅੱਗੇ ਹੋ ਕੇ ਸੰਘਰਸ਼ ਲੜਿਆ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਕਰਵਾਈ ਸੀ। ਦੋਸ਼ੀ ਧਿਰ ਦੇ ਦਲੀਪ ਸਿੰਘ ਨਾਂਅ ਦੇ ਵਿਅਕਤੀ ਨੇ ਕਤਲ ਮਾਮਲੇ ਵਿੱਚ ਮਨਜੀਤ ਧਨੇਰ ਅਤੇ ਉਸਦੇ ਸਾਥੀਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਜਿਸ ਵਿੱਚ ਰਾਜਪਾਲਵਲੋਂ ਧਨੇਰ ਦੇ ਸਾਥੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ। ਜਦੋਂਕਿ ਧਨੇਰ ਦੀ ਸਜ਼ਾ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਬਹਾਲ ਕਰ ਦਿੱਤਾ ਸੀ।
30 ਸਤੰਬਰ ਨੂੰ ਧਨੇਰ ਨੇ ਬਰਨਾਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸੇ ਦਿਨ ਤੋਂ ਕਿਸਾਨ, ਮਜ਼ਦੂਰ ਸਮੇਤ 42 ਕਿਸਾਨ ਜੱਥੇਬੰਦੀਆਂ ਵੱਲੋਂ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਇਸੇ ਦਬਾਅ ਦੇ ਚੱਲਦਿਆਂ ਪੰਜਾਬ ਸਰਕਾਰ ਦੀ ਸਿਫਾਰਸ਼ 'ਤੇ ਬੁੱਧਵਾਰ ਨੂੰ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਦੀ ਫਾਇਲ 'ਤੇ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਵਲੋਂ ਦਸਤਖ਼ਤ ਕਰ ਦਿੱਤੇ ਗਏ। ਜਿਸਤੋਂ ਬਾਅਦ ਧਨੇਰ ਦੀ ਰਿਹਾਈ ਲਈ ਅਗਲੀ ਕਾਰਵਾਈ ਜਾਰੀ ਹੈ ਅਤੇ ਧਰਨਾਕਾਰੀ ਮਨਜੀਤ ਧਨੇਰ ਦੇ ਜੇਲ੍ਹ ਤੋਂ ਰਿਹਾਅ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।