ਬਰਨਾਲਾ: ਪਿੰਡ ਨਾਈਵਾਲਾ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚੋਂ ਇੱਕ ਵਿਅਕਤੀ ਫ਼ਰਾਰ ਹੋ ਗਿਆ। ਉਕਤ ਵਿਅਕਤੀ ਵੱਲੋਂ ਵਰਤੀ ਗਈ ਅਣਗਹਿਲੀ ਨੂੰ ਦੇਖਦੇ ਹੋਏ ਬਰਨਾਲਾ ਪੁਲਿਸ ਨੇ ਤੁਰੰਤ ਦੋਸ਼ੀ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤਰਨਤਾਰਨ ਸਾਈਡ ਤੋਂ ਆਏ ਵਿਅਕਤੀ ਰਾਮ ਸਿੰਘ ਨੂੰ ਪਿੰਡ ਦੇ ਸਕੂਲ ਵਿੱਚ ਇਕਾਂਤਵਾਸ ਕੀਤਾ ਗਿਆ ਸੀ। ਰਾਤ ਸਮੇਂ ਉਹ ਇਕਾਂਤਵਾਸ ਕੇਂਦਰ ਵਿੱਚੋਂ ਭੱਜ ਗਿਆ।
ਜਿਸ ਤੋਂ ਬਾਅਦ ਸਵੇਰ ਹੋਣ 'ਤੇ ਪੰਚਾਇਤ ਅਤੇ ਬੀਐਲਓ ਵੱਲੋਂ ਸਬੰਧਤ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਇਕਾਂਤਵਾਸ ਕੇਂਦਰ ਵਿੱਚੋਂ ਭੱਜਣ ਵਾਲੇ ਵਿਅਕਤੀ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਕਾਂਤਵਾਸ ਕੇਂਦਰ ਵਿੱਚ 35 ਦੇ ਕਰੀਬ ਵਿਅਕਤੀ ਹਾਜ਼ਰ ਹਨ।
ਉਧਰ ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਨਾਈਵਾਲਾ ਦਾ ਕੰਬਾਈਨ ਡਰਾਈਵਰ ਜਗਜੀਤ ਸਿੰਘ ਅਤੇ ਉਸ ਦਾ ਸਾਥੀ ਰਾਮ ਸਿੰਘ ਸੀਜ਼ਨ ਲਗਾ ਕੇ ਪਿੰਡ ਪਰਤੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ ਅਤੇ ਇਨ੍ਹਾਂ ਦੀ ਕਰੋਨਾ ਸੰਬੰਧੀ ਸੈਂਪਲਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਜਗਜੀਤ ਸਿੰਘ ਦੀ ਰਿਪੋਰਟ ਪੌਜ਼ੀਟਿਵ ਆ ਗਈ। ਇਸ ਤੋਂ ਬਾਅਦ ਉਸ ਦੇ ਸਾਥੀ ਰਾਮ ਸਿੰਘ ਨੂੰ ਸਕੂਲ ਵਿੱਚ ਬਣਾਏ ਇਕਾਂਤਵਾਸ ਕੇਂਦਰ ਵਿੱਚ ਭਰਤੀ ਕੀਤਾ ਗਿਆ। ਜਿੱਥੋਂ ਰਾਮ ਸਿੰਘ ਰਾਤ ਸਮੇਂ ਫਰਾਰ ਹੋ ਗਿਆ, ਜਿਸ ਦੀ ਸੂਚਨਾ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ।
ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 1,683 ਹੋਈ ਮਰੀਜ਼ਾਂ ਦੀ ਗਿਣਤੀ, 28 ਲੋਕਾਂ ਦੀ ਮੌਤ
ਪਿੰਡ ਤੋਂ ਭੱਜ ਕੇ ਉਕਤ ਵਿਅਕਤੀ ਆਪਣੇ ਸਹੁਰਾ ਪਿੰਡ ਬੁੱਘੀਪੁਰਾ ਵਿਖੇ ਚਲਾ ਗਿਆ। ਜਿੱਥੇ ਮੋਗਾ ਪੁਲਿਸ ਨਾਲ ਤਾਲਮੇਲ ਕਰਕੇ ਉਸ ਨੂੰ ਮੁੜ ਕਾਬੂ ਕਰਕੇ ਇਕਾਂਤਵਾਸ ਕੇਂਦਰ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਕੀਤੀ ਗਈ ਅਣਗਹਿਲੀ ਤੋਂ ਬਾਅਦ ਉਸ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਕਰੋਨਾ ਵਾਇਰਸ ਦੀ ਉਸ ਦੀ ਰਿਪੋਰਟ ਪੈਂਡਿੰਗ ਹੋਣ ਕਾਰਨ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਕੋਈ ਵਿਅਕਤੀ ਇਸ ਤਰ੍ਹਾਂ ਇਕਾਂਤਵਾਸ ਕੇਂਦਰ ਵਿੱਚੋਂ ਭੱਜੇਗਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।