ਬਰਨਾਲਾ: ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਨਿੱਤ ਹੀ ਅਹਿਮ ਫ਼ੈਸਲੇ ਲਏ ਜਾ ਰਹੇ ਹਨ। ਇੱਕ ਹੋਰ ਫ਼ੈਸਲੇ ਦੌਰਾਨ ਪੰਜਾਬ ਜੇਲ੍ਹ ਵਿਭਾਗ ਵਲੋਂ ਪੰਜਾਬ ਦੀਆਂ ਬਰਨਾਲਾ ਦੀ ਜ਼ਿਲ੍ਹਾ ਜੇਲ੍ਹ ਅਤੇ ਸਬ- ਪੱਟੀ ਜੇਲ੍ਹ ਨੂੰ ਖ਼ਾਲੀ ਕਰਕੇ ਇਕਾਂਤਵਾਸ ਜੇਲ੍ਹਾਂ ਦਾ ਰੂਪ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਰਨਾਲਾ ਜੇਲ੍ਹ ‘ਚ ਬੰਦ ਤਕਰੀਬਨ 303 ਕੈਦੀਆਂ ‘ਚੋਂ ਕੁੱਝ ਕੈਦੀ ਬਠਿੰਡਾ ਅਤੇ ਕੁੱਝ ਨਾਭਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ।
ਬਰਨਾਲਾ ਜੇਲ੍ਹ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਚਲਦੇ ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਹੁਣ ਮਾਝਾ ਅਤੇ ਦੁਆਬਾ ਤੋਂ ਨਵੇਂ ਆਉਣ ਵਾਲੇ ਕੈਦੀਆਂ ਦੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਸਬ-ਜੇਲ੍ਹ ਪੱਟੀ ਭੇਜਿਆ ਜਾਵੇਗਾ, ਜਦਕਿ ਮਾਲਵਾ ਦੇ ਨਵੇਂ ਕੈਦੀਆਂ ਨੂੰ ਸਿਹਤ ਦੀ ਜਾਂਚ ਤੋਂ ਬਾਅਦ ਬਰਨਾਲਾ ਜੇਲ੍ਹ ਵਿਖੇ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆਕਿ ਜੋ ਵੀ ਨਵਾਂ ਕੈਦੀ ਆਵੇਗਾ ਸਭ ਤੋਂ ਪਹਿਲਾਂ ਉਸ ਦੀ ਕੋਰੋਨਾਵਾਇਰਸ ਦੀ ਜਾਂਚ ਕੀਤੀ ਜਾਵੇਗੀ ਅਤੇ ਚੈੱਕਅੱਪ ਉਪਰੰਤ ਜੇ ਕਿਸੇ ਕੈਦੀ ‘ਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ ਤਾਂ ਜੋ ਕਿ ਹੋਰ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆ ਕੇ ਖ਼ੁਦ ਪੀੜਤ ਨਾ ਬਣ ਜਾਵੇ।