ਬਰਨਾਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਏ ਹੋਏ ਚਾਰ ਸਾਲ ਹੋ ਗਏ ਹਨ। ਕਾਂਗਰਸ ਸਰਕਾਰ ਨੇ ਭਾਵੇਂ ਪੰਜਾਬ ਵਿੱਚ ਵਿਕਾਸ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ। ਪਰ ਬਰਨਾਲਾ ਸ਼ਹਿਰ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਬਰਨਾਲਾ ਸ਼ਹਿਰ ਦੀ ਤਰਕਸ਼ੀਲ ਚੌਂਕ ਤੋਂ ਲੁਧਿਆਣਾ ਨੂੰ ਜਾਣ ਵਾਲੀ ਮੁੱਖ ਸੜਕ, ਬੱਸ ਸਟੈਂਡ ਦੇ ਬੈਕ ਸਾਈਡ, ਸੰਘੇੜਾ ਰੋਡ, ਸੇਖਾ ਰੋਡ, ਬੱਸ ਸਟੈਂਡ ਰੋਡ ਅਤੇ ਰਾਮਬਾਗ ਰੋਡ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ।
ਇਨ੍ਹਾਂ ਵਿੱਚੋਂ ਭਾਵੇਂ ਕੁਝ ਸੜਕਾਂ ਉੱਤੇ ਪੱਥਰ ਪਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ। ਪਰ ਲੁਕ ਨਾ ਪਾਉਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਵਾਸੀਆਂ ਨੇ ਕਿਹਾ ਕਿ ਸੜਕਾਂ ਦੀ ਬੁਰੀ ਹਾਲਤ ਹੋਣ ਕਾਰਨ ਜਿੱਥੇ ਉਨ੍ਹਾਂ ਨੂੰ ਆਉਣ-ਜਾਣ ਵਿੱਚ ਦਿੱਕਤ ਹੋ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਕਾਰੋਬਾਰ ਅਤੇ ਦੁਕਾਨਦਾਰੀਆਂ 'ਤੇ ਵੀ ਇਸ ਦਾ ਭਾਰੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਭਾਵੇਂ ਸਰਕਾਰ ਲੱਖ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਇਸ ਦੇ ਉਲਟ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਕਈ ਵਾਰ ਸਰਕਾਰੀ ਨੁਮਾਇੰਦਿਆਂ ਅਤੇ ਅਫ਼ਸਰਸ਼ਾਹੀ ਨੂੰ ਮਿਲ ਚੁੱਕੇ ਹਨ, ਪਰ ਇਨ੍ਹਾਂ ਸੜਕਾਂ ਨੂੰ ਚਾਰ ਸਾਲ ਬਾਅਦ ਵੀ ਨਹੀਂ ਬਣਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੜਕ ਦੇ ਟੁੱਟੇ ਹੋਣ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟੁੱਟ ਚੁੱਕੀਆਂ ਸੜਕਾਂ ਨੂੰ ਜਲਦ ਤੋਂ ਜਲਦ ਬਣਵਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।
ਉੱਥੇ ਇਸ ਸੰਬੰਧੀ ਨਗਰ ਕੌਂਸਲ ਦੇ ਈਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਬਣਾਉਣ ਲਈ ਪੱਥਰ ਪੈ ਚੁੱਕੇ ਹਨ, ਜਿਨ੍ਹਾਂ 'ਤੇ ਜਲਦ ਹੀ ਪ੍ਰੀਮਿਕਸ ਪਾ ਕੇ ਕੰਮ ਕੰਪਲੀਟ ਕਰ ਦਿੱਤਾ ਜਾਵੇਗਾ।