ਬਰਨਾਲਾ: ਕੋਰੋਨਾ ਵਾਇਰਸ ਦੇ ਕਹਿਰ ਨੇ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਹਿਲਾ ਦਿੱਤਾ ਸੀ, ਲੋਕ ਆਰਥਿਕ ਤੌਰ ’ਤੇ ਕਮਜ਼ੋਰ ਹੋ ਗਏ ਸਨ। ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਸਨ, ਪਰ ਇਸ ਦਾ ਜ਼ਿਆਦਾ ਅਸਰ ਰੇਹੜੀ ਫ਼ੜੀ ਵਾਲਿਆਂ ’ਤੇ ਵਧੇਰੇ ਦੇਖਣ ਨੂੰ ਮਿਲਿਆ। ਜਿਸ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਟਰੀਟ ਵੇਂਡਰ, ਰੇਹੜੀ, ਠੇਲੇ ਵਾਲਿਆਂ ਲਈ ਸਵੈ ਨਿਧੀ ਲੋਨ ਸਕੀਮ ਚਲਾਈ ਗਈ ਹੈ। ਇਸ ਲੋਨ ਸਕੀਮ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਨਗਰ ਕੌਂਸਲ ਦਫ਼ਤਰ ਵਿਖੇ ਲੋਨ ਮੇਲਾ ਲਗਾਇਆ ਗਿਆ। ਜਿਸ ਵਿੱਚ ਸ਼ਹਿਰ ਵਿੱਚੋਂ ਕਰੀਬ 40 ਬੈਂਕਾਂ ਵਲੋਂ ਭਾਗ ਲਿਆ ਗਿਆ ਅਤੇ ਬੈਂਕ ਅਧਿਕਾਰੀਆ ਵਲੋਂ ਲਾਭਪਾਤਰੀਆਂ ਨੂੰ ਇਸ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਐਸਡੀਓ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੈਨਿਧੀ ਲੋਨ ਦੇ ਨਿਯਮ ਬਹੁਤ ਹੀ ਆਸਾਨ ਅਤੇ ਸਰਲ ਹਨ। ਇਸਦਾ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਲਾਭ ਲੈਣਾ ਚਾਹੀਦਾ ਹੈ। ਜਿਸਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਿੱਚ ਲੋਕ ਲੋਨ ਦਾ ਲਾਭ ਲੈਣ ਲਈ ਇਸ ਕੈਂਪ ਵਿੱਚ ਪਹੁੰਚੇ ਹਨ। ਉਹਨਾਂ ਦੱਸਿਆ ਕਿ ਇਸ ਲੋਨ ਮੇਲੇ ਵਿੱਚ ਸਟਰੀਟ ਵੇਂਡਰ 447 ਤਸਦੀਕ ਕੀਤੇ ਗਏ ਹਨ, ਜਿਹਨਾਂ ਤੋਂ 51 ਲੋਨ ਪਾਸ ਕੀਤੇ ਗਏ ਹਨ।
ਉਥੇ ਇਸ ਲੋਨ ਸਕੀਮ ਦਾ ਲਾਭ ਲੈਣ ਪਹੁੰਚੇ ਲਾਭਪਾਤਾਰੀਆਂ ਨੇ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬ ਵਰਗ ਨੂੰ ਇਸ ਸਕੀਮ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਰਜ਼ੇ ਸਦਕਾ ਉਹ ਛੋਟੇ ਮੋਟਾ ਕਾਰੋਬਾਰ ਕਰ ਚਲਾਉਣਗੇ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਸੌਖਾ ਹੋ ਸਕੇਗਾ।