ਬਰਨਾਲਾ: ਬਰਨਾਲਾ ਦੇ ਪਿੰਡ ਸੰਘੇੜਾ 'ਚ ਖੁੱਲੇ ਸੀਵਰੇਜ ਵਾਲੇ ਖੱਡੇ ਵਿੱਚ ਦੱਬ ਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਹ ਦੁਰਘਟਨਾ ਉਸ ਵੇਲੇ ਵਾਪਰੀ ਜਦੋਂ ਮਜ਼ਦੂਰ ਖੱਡੇ ਵਿੱਚ ਉੱਤਰ ਕੇ ਪਾਈਪ ਜੋੜ ਰਿਹਾ ਸੀ ਕਿ ਅਚਾਨਕ ਮਿੱਟੀ ਦੀ ਢਿੱਗ ਦੇ ਡਿੱਗਣ ਨਾਲ ਮਜ਼ਦੂਰ ਹੇਠਾਂ ਦੱਬ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸੀਵਰੇਜ ਪਾ ਰਹੇ ਠੇਕੇਦਾਰ ਦੀ ਗਲਤੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਸੀਵਰੇਜ ਲਈ ਪੁੱਟੇ ਗਏ ਖੱਡਾ ਕੋਲ ਨਾ ਤਾਂ ਕੋਈ ਸੇਫ਼ਟੀ ਜਾਲੀ ਲਗਾਈ ਗਈ ਹੈ ਅਤੇ ਨਾ ਹੀ ਖੱਡਾਂ ਵਿੱਚ ਕੰਮ ਕਰ ਰਹੇ ਮਜਦੂਰਾਂ ਨੂੰ ਕੋਈ ਸੇਫ਼ਟੀ ਬੈਲਟ ਆਦਿ ਦਿੱਤੀ ਗਈ ਹੈ। ਉੱਥੇ ਹੀ ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਵੀ ਕੋਈ ਅਧਿਕਾਰੀ ਅਤੇ ਐਂਬੂਲੈਂਸ ਨਹੀਂ ਆਈ, ਇੱਥੋਂ ਤੱਕ ਕਿ ਠੇਕੇਦਾਰ ਵੀ ਮੌਕੇ ਉੱਤੇ ਨਹੀਂ ਆਇਆ।
ਸੀਵਰੇਜ ਵਾਲੇ ਖੱਡੇ ਤੋਂ ਪਰੇਸ਼ਾਨ ਸਰਕਾਰੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਦੱਸਿਆ ਕਿ ਛੋਟੇ-ਛੋਟੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਹਨ ਅਤੇ ਬੱਚਿਆਂ ਦਾ ਖੱਡ ਵਿੱਚ ਡਿੱਗਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਠੇਕੇਦਾਰ ਅਤੇ ਉਸ ਦੇ ਮੁਣਸ਼ੀ ਨੂੰ ਵੀ ਕਿਹਾ ਪਰ ਠੇਕੇਦਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਅਤੇ ਖੱਡਾਂ ਨੂੰ ਖੁੱਲ੍ਹਮਖੁੱਲ੍ਹਾ ਛੱਡ ਕੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਸੰਗਰੂਰ ਦੇ ਭਗਵਾਨਪੂਰ ਦੇ ਇੱਕ ਪਿੰਡ 'ਚ 2 ਸਾਲਾ ਬੱਚੇ ਫ਼ਤਿਹਵੀਰ ਦੇ ਖੂਲ੍ਹੇ ਹੋਏ ਬੋਰਵੈੱਲ 'ਚ ਡਿੱਗ ਕੇ ਉਸ ਦੀ ਮੌਤ ਹੋ ਗਈ ਸੀ।
ਇਸ ਪੂਰੇ ਮਾਮਲੇ ਉੱਤੇ ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਹੀ ਕੀਤੀ ਜਾਵੇਗੀ। ਦੱਸ ਦੇਈਏ ਕਿ ਮ੍ਰਿਤਕ ਮਜਦੂਰ ਦੀ ਪਤਨੀ ਦੀ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਆਪਣੀਆਂ 4 ਬੱਚਿਆਂ ਦਾ ਢਿੱਡ ਉਹ ਇਕੱਲਾ ਹੀ ਪਾਲਦਾ ਸੀ। ਮਜਦੂਰ ਦੀ ਮੌਤ ਦੇ ਬਾਅਦ ਉਸਦੇ ਚਾਰੇ ਬੱਚੇ ਯਤੀਮ ਹੋ ਗਏ ਹਨ।