ਬਰਨਾਲਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਦਾ ਸਿਆਸੀ ਅਖਾੜਾ ਪੂਰੀ ਤਰ੍ਹਾ ਭਖ ਚੁੱਕਿਆ ਹੈ। ਜਿਸ ਵਿੱਚ ਇਸ ਵਾਰ ਪਹਿਲੀ ਵਾਰ ਕਿਸਾਨ ਜੱਥੇਬੰਦੀਆਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜ ਰਹੀਆਂ ਹਨ। ਕਿਸਾਨ ਜੱਥੇਬੰਦੀਆਂ ਵਲੋਂ ਇਹ ਚੋਣ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਲੜੀਆਂ ਜਾ ਰਹੀਆਂ ਹਨ।
ਬਲਵੀਰ ਰਾਜੇਵਾਲ ਵਲੋਂ ਵਾਰ-ਵਾਰ ਚੋਣ ਨਾ ਲੜਨ ਵਾਲੀਆਂ ਕਿਸਾਨ ਜੱਥੇਬੰਦੀਆਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸਾਥ ਦੇਣ ਦੀ ਗੱਲ ਆਖੀ ਜਾ ਰਹੀ ਹੈ। ਜਿਸਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਬਲਵੀਰ ਰਾਜੇਵਾਲ ਨੂੰ ਦੋ ਟੁੱਕ ਜਵਾਬ ਦਿੱਤਾ ਹੈ।
ਇਸ ਸਬੰਧੀ ਬੀਕੇਯੂ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਸਮੇਤ ਬਲਵੀਰ ਸਿੰਘ ਰਾਜੇਵਾਲ ਨੂੰ ਉਹਨਾਂ ਵਲੋਂ ਸਵਾਲ ਕੀਤੇ ਜਾਣਗੇ ਕਿ ਉਹਨਾਂ ਕੋਲ ਕੀ ਰੋਡ ਪਲਾਨ ਹੈ। ਸੂਬੇ ਵਿੱਚ ਕੀਤੇ ਜਾ ਰਹੇ ਨਿੱਜੀਕਰਨ ਸਬੰਧੀ ਉਹਨਾਂ ਕੋਲ ਕੀ ਪਲਾਨ ਹੈ। ਇਸ ਸਬੰਧੀ ਵੱਖ ਵੱਖ ਮੁੱਦਿਆਂ 'ਤੇ ਸਭ ਨੂੰ ਸਵਾਲ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਬਲਵੀਰ ਰਾਜੇਵਾਲ ਕਈ ਵਾਰ ਆਖ ਰਹੇ ਹਨ ਕਿ ਬੀਕੇਯੂ ਉਗਰਾਹਾਂ ਸਾਡੇ ਨਾਲ ਹਨ। ਪ੍ਰੰਤੂ ਅਸੀਂ ਜੱਥੇਬੰਦੀ ਵਲੋਂ ਸਪੱਸ਼ਟ ਕਰ ਰਹੇ ਹਾਂ ਕਿ ਜਿਵੇਂ ਸਿਆਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਉਸੇ ਤਰ੍ਹਾਂ ਬਲਵੀਰ ਰਾਜੇਵਾਲ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਬੀਕੇਯੂ ਉਗਰਾਹਾਂ ਉਹਨਾਂ ਨਾਲ ਹੈ। ਸਾਡੀ ਜੱਥੇਬੰਦੀ ਦਾ ਨਾਮ ਵਰਤ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਅਸੀਂ ਕਿਸੇ ਦਾ ਸਾਥ ਨਹੀਂ ਦੇ ਰਹੇ।
ਇਹ ਵੀ ਪੜ੍ਹੋ : ਕਿਸਾਨਾਂ ਨੇ ਜਾਰੀ ਕੀਤੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ