ਬਰਨਾਲਾ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਕਰਫ਼ਿਊ ਦੌਰਾਨ ਜਿੱਥੇ ਆਮ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉੱਥੇ ਹੀ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਦੀ ਵਾਢੀ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਕਿਸਾਨਾਂ ਸਾਹਮਣੇ ਨਵੀਂ ਸਮੱਸਿਆ ਝੋਨੇ ਦੀ ਲਵਾਈ ਦੀ ਹੈ, ਕਿਉਂਕਿ ਝੋਨੇ ਦੀ ਲਵਾਈ ਲਈ ਲੋੜ ਮੁਤਾਬਕ ਲੇਬਰ ਨਹੀਂ ਮਿਲ ਰਹੀ।
ਇਸ ਕਰਕੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਪਹੁੰਚੇ ਅਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਅਤੇ ਡੀ.ਸੀ. ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ।
ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਜਥੇਬੰਦੀ ਦੇ ਸਿਰਫ਼ ਪੰਜ ਆਗੂ ਡੀ.ਸੀ. ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਅਤੇ ਧਰਨਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਲੇਬਰ ਇਸ ਵਾਰ ਨਾ ਹੋਣ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਉਹ ਗੁਆਂਢੀ ਜ਼ਿਲ੍ਹਿਆਂ ਤੋਂ ਕਾਰਖਾਨਿਆਂ ਅਤੇ ਫੈਕਟਰੀਆਂ ਦੀ ਵਿਹਲੀ ਬੈਠੀ ਲੇਬਰ ਨੂੰ ਲਿਆਉਣ ਲਈ ਕਿਸਾਨ ਆਗੂ ਡੀ.ਸੀ. ਦਫ਼ਤਰ ਅੱਗੇ ਮੰਗ ਪੱਤਰ ਲੈ ਕੇ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਲਈ ਲੇਬਰ ਪੰਜ ਤੋਂ ਸੱਤ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੀ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਰੇਟ ਫਿਕਸ ਕਰੇ।
ਇਸ ਵਾਰ ਝੋਨੇ ਦੇ ਸੀਜ਼ਨ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਭਾਈਚਾਰਕ ਸਾਂਝ ਖ਼ਤਮ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਲੋੜ ਮੁਤਾਬਕ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ, ਜਿਸ ਕਰਕੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਦਸ ਘੰਟੇ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਇਸ ਦੇ ਵਿਰੁੱਧ ਤਿੱਖਾ ਸੰਘਰਸ਼ ਲੜਣਗੇ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਹ 1 ਜੂਨ ਤੋਂ ਹੀ ਝੋਨਾ ਬੀਜਣਾ ਸ਼ੁਰੂ ਕਰਨਗੇ ਅਤੇ ਜੇਕਰ ਕੋਈ ਅਧਿਕਾਰੀ ਖੇਤਾਂ ਵਿੱਚ ਆ ਕੇ ਉਨ੍ਹਾਂ ਨੂੰ ਰੋਕਦਾ ਹੈ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ।