ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦਾ ਇੱਕ ਕਿਸਾਨ ਦਿੱਲੀ ਚੱਲ ਰਹੇ ਮੋਰਚੇ ਵਿੱਚ ਸ਼ਹੀਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੁੱਤਰ ਨਿੱਕਾ ਸਿੰਘ (72) ਪਿਛਲੇ 9 ਮਹੀਨਿਆਂ ਤੋਂ ਲਗਾਤਰ ਦਿੱਲੀ ਮੋਰਚੇ ਵਿੱਚ ਟਿੱਕਰੀ ਬਾਰਡਰ ਤੇ ਡਟਿਆ ਹੋਇਆ ਸੀ।
ਉਸ ਦੀ ਉੱਥੇ ਤਬੀਅਤ ਬਿਗੜ ਗਈ ਜਿਸ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ। ਜਿਸ ਨੂੰ ਅੱਗੇ ਪੀਜੀਆਈ (PGI) ਰੋਹਤਕ ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਸ ਨੇ ਇਹ ਪ੍ਰਣ ਕੀਤਾ ਸੀ ਕਿ ਉਹ ਜਿੱਤੇ ਬਗੈਰ ਘਰ ਵਾਪਿਸ ਨਹੀਂ ਜਾਵੇਗਾ ਅਤੇ ਉਹ ਆਪਣੀ ਜਿੰਦਗੀ ਇਸ ਕਿਸਾਨੀ ਸਘੰਰਸ ਦੇ ਲੇਖੇ ਲਾ ਕੇ ਆਪਣੇ ਕੀਤਾ ਪ੍ਰਣ ਨਿਭਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰੂੜੇਕੇ ਕਲਾਂ ਪਿੰਡ ਇਕਾਈ ਆਗੂ ਜਗਸੀਰ ਸਿੰਘ ਨੇ ਮੰਗ ਕੀਤੀ ਕਿ ਸ਼ਹੀਦ ਕਰਨੈਲ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ 'ਤੇ ਗੈਰ ਸਰਕਾਰੀ ਕਰਜਾ ਮੁਆਫ਼ ਕੀਤਾ ਜਾਵੇ।
ਪਰਿਵਾਰ ਦੇ 1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਥੇਬੰਦੀ ਦੇ ਜਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ,ਦਿੱਲੀ ਮੋਰਚੇ ਦੇ ਪ੍ਰਧਾਨ ਕੇਵਲ ਸਿੰਘ ਧਨੌਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਪਰੋਕਤ ਮੰਗਾਂ ਪੂਰੀਆ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।