ਬਰਨਾਲਾ: ਉਦਯੋਗਿਕ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੀ ਟ੍ਰਾਈਡੈਂਟ ਕੰਪਨੀ ਉਪਰ ਅੱਜ ਸਵੇਰ ਤੋਂ ਹੀ ਇਨਕਮ ਟੈਕਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਕੰਪਨੀ ਦੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਦੀਆਂ ਬਰਨਾਲਾ ਅਤੇ ਧੌਲਾ ਵਿਖੇ ਸਥਿਤ ਫ਼ੈਕਟਰੀਆਂ ਉਪਰ ਵੀ ਆਈਟੀ ਵਿਭਾਗ ਨੇ ਰੇਡ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੁਧਿਆਣਾ, ਹਰਿਆਣਾ ਦੇ ਸਿਰਸਾ ਅਤੇ ਮੱਧਪ੍ਰਦੇਸ਼ ਦੇ ਬੁਦਨੀ ਵਿਖੇ ਆਈਟੀ ਦੀ ਟਰਾਈਡੈਂਟ ਉਪਰ ਰੇਡ ਹੋਈ ਹੈ। ਦੇਸ਼ ਭਰ ਵਿੱਚ ਇਨਕਮ ਟੈਕਸ ਦੀਆਂ 35 ਟੀਮਾਂ ਇਸ ਰੇਡ ਵਿੱਚ ਸ਼ਾਮਲ ਹਨ। (IT Raid on Trident Company)
ਪੈਰਾਮਿਲਟਰੀ ਫ਼ੋਰਸ ਵੀ ਨਾਲ ਮੌਜੂਦ : ਬਰਨਾਲਾ ਦੇ ਸੰਘੇੜਾ ਵਿਖੇ ਸਥਿਤ ਫ਼ੈਕਟਰੀ ਵਿੱਚ ਸਵੇਰੇ ਕਰੀਬ 150 ਗੱਡੀਆਂ ਨਾਲ ਇਨਕਮ ਟੈਕਸ ਦੀ ਟੀਮ ਪਹੁੰਚੀ। ਟੀਮ ਦੇ ਨਾਲ ਪੈਰਾਮਿਲਟਰੀ ਫ਼ੋਰਸ ਵੀ ਮੌਜੂਦ ਹੈ। ਜੋ ਫ਼ੈਕਟਰੀ ਦੇ ਅੰਦਰ ਅਤੇ ਬਾਹਰ ਤੈਨਾਤ ਕੀਤੀ ਗਈ ਹੈ। ਬਾਹਰ ਤੋਂ ਕਿਸੇ ਵੀ ਵਿਅਕਤੀ ਨੂੰ ਫ਼ੈਕਟਰੀ ਦੇ ਅੰਦਰ ਜਾਣ ਦੀ ਇਜ਼ਾਜ਼ਤ ਨਹੀਂ ਹੈ। ਬਰਨਾਲਾ ਵਿਖੇ ਮੁੱਖ ਫ਼ੈਕਟਰੀ ਤੋਂ ਇਲਾਵਾ ਕੰਪਨੀ ਦੇ ਕੋਵਿਡ ਕੇਅਰ ਸੈਂਟਰ ਅਤੇ ਸ਼ਾਪਿੰਗ ਮਾਲ ਵਿਖੇ ਆਈਟੀ ਦੀਆਂ ਟੀਮਾਂ ਮੌਜੂਦ ਹਨ।
ਵੱਡੇ ਤੋਂ ਵੱਡੇ ਦਫ਼ਤਰਾਂ ਦੀ ਚੈਕਿੰਗ: ਆਈਟੀ ਵਿਭਾਗ ਵਲੋਂ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਬਰਨਾਲਾ ਤੋਂ 12 ਕਿਲੋਮੀਟਰ ਦੂਰ ਮਾਨਸਾ ਰੋਡ ਉਪਰ ਪਿੰਡ ਧੌਲਾ 'ਚ ਵੀ ਟ੍ਰਾਈਡੈਂਟ ਦੀ ਫ਼ੈਕਟਰੀ ਉਪਰ ਟਰਾਈਡੈਂਟ ਦੀ ਟੀਮ 100 ਗੱਡੀਆਂ ਨਾਲ ਪਹੁੰਚੀ ਹੋਈ ਹੈ। ਹਰ ਜਗ੍ਹਾ ਪੂਰੀ ਬਾਰੀਕੀ ਨਾਲ ਦਸਤਾਵੇਜਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਆਈਟੀ ਦੀ ਇਸ ਰੇਡ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ।
- Rahul Ghandhi On Scooter: ਸਕੂਟਰੀ ਉੱਤੇ ਸਵਾਰੀ ਕਰਦੇ ਹੋਏ ਮਿਜੋਰਮ ਦੇ ਸਾਬਕਾ ਸੀਐਮ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ
- Two terrorists arrested: ਮੋਹਾਲੀ ਪੁਲਿਸ ਨੇ ਅੱਤਵਾਦੀ ਮਡਿਊਲ ਦਾ ਕੀਤਾ ਪਰਦਾਫਾਸ਼, ਅੱਤਵਾਦੀ ਰਿੰਦੇ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
- Governor Letter to CM Bhagwant Mann: ਜਨਮ ਦਿਨ ਵਾਲੇ ਦਿਨ ਰਾਜਪਾਲ ਨੇ ਸੀਐੱਮ ਮਾਨ ਤੋਂ ਮੰਗਿਆ 10 ਹਜ਼ਾਰ ਕਰੋੜ ਦੇ ਪਾੜੇ ਦਾ ਹਿਸਾਬ, ਮੁਫਤ ਬਿਜਲੀ ਨੂੰ ਲੈਕੇ ਵੀ ਕੀਤੀ ਟਿੱਪਣੀ
ਸਿਆਸੀ ਲੀਡਰਾਂ ਨਾਲ ਵੀ ਮਾਲਕਾਂ ਦੇ ਸਬੰਧ: ਜਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਕੱਪੜਾ, ਤੌਲੀਆ, ਧਾਗਾ, ਕਾਗਜ਼ ਅਤੇ ਕੈਮੀਕਲ ਦੇ ਉਦਯੋਗ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਮਾਲਕ ਰਜਿੰਦਰ ਗੁਪਤਾ ਭਾਰਤ ਸਰਕਾਰ ਵਲੋਂ ਪਦਮ ਸ੍ਰੀ ਨਾਲ ਵੀ ਨਿਵਾਜ਼ੇ ਜਾ ਚੁੱਕੇ ਹਨ। ਉਥੇ ਉਹ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੇ ਤੌਰ 'ਤੇ ਵੀ ਨਿਯੁਕਤ ਹਨ। ਇਸ ਰੇਡ ਦਾ ਪਤਾ ਲੱਗਦਿਆਂ ਹੀ ਬਰਨਾਲਾ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਗਰਮ ਹੈ।