ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ, ਜਿਸ ਬਦੌਲਤ ਪਿਛਲੇ ਸਾਲ ਦੇ ਮੁਕਾਬਲੇ ਲੜਕੀਆਂ ਦੇ ਜਨਮ ਦਰ ਵਿੱਚ ਚੋਖਾ ਵਾਧਾ ਹੋਇਆ ਹੈ।
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਾਲ 2020-21 ਦੇ ਜਨਵਰੀ ਤੋਂ ਦਸੰਬਰ ਤੱਕ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹਾ ਬਰਨਾਲਾ ’ਚ ਲਿੰਗ ਅਨੁਪਾਤ 967 (1000 ਲੜਕਿਆਂ ਪਿੱਛੇ 967 ਲੜਕੀਆਂ) ਹੈ, ਜਿਸ ਬਦੌਲਤ ਬਰਨਾਲਾ ਸੂਬੇ ਵਿੱਚੋਂ ਤੀਜੇ ਸਥਾਨ ’ਤੇ ਹੈ, ਜਦੋਂਕਿ ਸਾਲ 2019-20 ਵਿਚ ਇਹ ਅਨੁਪਾਤ 905 ਸੀ। ਉਨ੍ਹਾਂ ਦੱਸਿਆ ਕਿ ਅਪ੍ਰੈਲ 2019 ਤੋਂ ਮਾਰਚ 2020 ਤੱਕ ਜ਼ਿਲ੍ਹਾ ਬਰਨਾਲਾ ਦਾ ਸੂਬੇ ਵਿੱਚ ਸੱਤਵਾਂ ਸਥਾਨ ਸੀ, ਜਦੋਂਕਿ ਅਪ੍ਰੈਲ 2020 ਤੋਂ ਦਸੰਬਰ 2020 ਦੇ ਅੰਕੜਿਆਂ ਅਨੁਸਾਰ ਲੜਕੀਆਂ ਦੀ ਜਨਮ ਦਰ ਵਧੀ ਹੈ ਅਤੇ ਜ਼ਿਲ੍ਹਾ ਬਰਨਾਲਾ ਤੀਜੇ ਸਥਾਨ ’ਤੇ ਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਅਧੀਨ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਤਹਿਤ ਜਿੱਥੇ ਜ਼ਿਲ੍ਹਾ ਭਰ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ, ਉਥੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਅਧੀਨ ਅਜਿਹੇ ਪਰਿਵਾਰਾਂ ਜਿਨ੍ਹਾਂ ਦੇ ਘਰ ਧੀਆਂ ਨੇ ਜਨਮ ਲਿਆ ਹੈ, ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਤੇ ਅਜਿਹੇ ਲਗÎਭਗ 3000 ਪਰਿਵਾਰਾਂ ਦਾ ਸਾਲਾਨਾ ਸਨਮਾਨ ਪਿਛਲੇ ਸਮੇਂ ਵਿਚ ਹੋਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿੱਚ ਅਜਿਹੇ 20 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਸੀ, ਜਿੱਥੇ ਐਸਆਰਬੀ (ਲੜਕੀਆਂ ਦੀ ਜਨਮ ਦਰ) ਸਭ ਤੋਂ ਘੱਟ ਹੈ। ਅਜਿਹੇ ਪਿੰਡਾਂ ਵਿਚ ‘ਘਰ ਦੀ ਪਛਾਣ, ਬੇਟੀ ਦੇ ਨਾਮ’ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਜਿੱਥੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਹਾ ਗਰਭਵਤੀ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ, ਉਥੇ ਸਖੀ ਸੈਂਟਰ ਰਾਹੀਂ ਵਧੀਕੀਆਂ ਦਾ ਸ਼ਿਕਾਰ ਔਰਤਾਂ ਨੂੰ ਮਦਦ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਸਮੇਂ ਸਮੇਂ ’ਤੇ ਵਿੱਤੀ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ ਵਿੱਚ ਦਸਵੀਂ ਅਤੇ ਬਾਰ੍ਹਵੀਂ ਵਿੱਚੋਂ ਮੋਹਰੀ ਸਥਾਨ ਹਾਸਲ ਕਰਨ ਵਾਲੀਆਂ 12 ਲੜਕੀਆਂ ਦਾ 5100-5100 ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਅਤੇ ਦਸੰਬਰ ਵਿਚ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ 39 ਲੜਕੀਆਂ ਦਾ 2100-2100 ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਹੈ।