ਬਰਨਾਲਾ: ਥਾਣਾ ਭਦੌੜ ਅਧੀਨ ਪੈਂਦੇ ਨਾਨਕਸਰ ਰੋਡ ਦੀ ਵਸਨੀਕ ਔਰਤ ਨੇ ਆਪਣੇ ਸਹੁਰਾ ਪਰਿਵਾਰ 'ਤੇ ਮਾਰਨ ਦੀ ਨੀਅਤ ਨਾਲ ਕੁੱਟਮਾਰ ਦੇ ਦੋਸ਼ ਲਗਾਏ ਹਨ। ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਪੀੜਤ ਔਰਤ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਹੈ ਕਿ ਔਰਤ ਨੂੰ ਸੱਟਾ ਲੱਗੀਆ ਹਨ ਅਤੇ ਪੁਲਿਸ ਨੇ ਇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਦੌੜ ਸਿਵਲ ਹਸਪਤਾਲ ਵਿੱਚ ਦਾਖ਼ਲ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਕੁਲਵਿੰਦਰ ਸਿੰਘ ਨਾਲ ਤਕਰੀਬਨ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਘਰ ਵਿੱਚ ਝਗੜਾ ਰਹਿਣ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਦਾ ਕੇਸ ਅਦਾਲਤ ਵਿੱਚ ਵੀ ਚੱਲਿਆ। ਉਸ ਦੇ ਪਤੀ ਕੁਲਵਿੰਦਰ ਸਿੰਘ ਵੱਲੋਂ ਅਦਾਲਤ 'ਚ ਪੇਸ਼ ਹੋ ਕੇ ਇਹ ਕਹਿ ਦਿੱਤਾ ਗਿਆ ਕਿ ਮੈਂ ਇਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਅਤੇ ਇਸ ਨਾਲ ਘਰ ਵਸਾਉਣਾ ਚਾਹੁੰਦਾ ਹਾਂ। ਮੇਰੇ ਵੱਲੋਂ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਪਤੀ ਕੋਟਕਪੂਰਾ ਵਿਖੇ ਇੱਕ ਕਿਰਾਏ ਦਾ ਮਕਾਨ ਲੈ ਕੇ ਉਸ ਨਾਲ ਰਹਿਣ ਲੱਗ ਗਏ।
ਉਸ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਵਿੱਚ ਇਕੱਲੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਸਨ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਨਾਨਕਸਰ ਰੋਡ ਵਿਖੇ ਆ ਗਈ। ਇੱਥੇ ਆਉਣ ਤੋਂ ਬਾਅਦ ਉਸ ਨੂੰ ਕਿਸੇ ਤੋਂ ਪਤਾ ਲੱਗਾ ਕਿ ਉਸ ਦਾ ਪਤੀ ਕੁਲਵਿੰਦਰ ਡਰਾਈਵਰ ਨਹੀਂ ਹੈ, ਉਹ ਕਿਸੇ ਮਹੰਤ ਦੇ ਡੇਰੇ ਤੇ ਮਹੰਤਾਂ ਨਾਲ ਰਹਿ ਰਿਹਾ ਹੈ ਜਿਸ ਦਾ ਉਸ ਵੱਲੋਂ ਵਿਰੋਧ ਕੀਤਾ ਗਿਆ। ਜਦੋਂ ਉਸ ਦਾ ਪਤੀ ਭਦੌੜ ਆਇਆ ਤਾਂ ਉਹ ਮੰਜੇ ਤੇ ਸੁੱਤੀ ਪਈ ਸੀ ਅਤੇ ਉਸਦੇ ਪਤੀ ਨੇ ਆਉਣ ਸਾਰ ਹੀ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸਣਾ ਸ਼ੁਰੂ ਕਰ ਦਿੱਤਾ। ਉਸ ਨੂੰ ਮਾਰਨ ਦੀ ਨੀਅਤ ਨਾਲ ਹਮਲੇ ਵੀ ਕੀਤੇ, ਪਰ ਉਹ ਬੜੀ ਮੁਸ਼ੱਕਤ ਦੇ ਨਾਲ ਘਰੋਂ ਭੱਜਣ ਅਤੇ ਹਸਪਤਾਲ ਵਿੱਚ ਆ ਕੇ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਈ। ਉਸ ਨੇ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਦੋਂ ਸਬੰਧਤ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇੱਕ ਕੁਲਵਿੰਦਰ ਕੌਰ ਨਾਮ ਦਾ ਮਰੀਜ਼ ਦਾਖ਼ਲ ਹੈ ਜਿਸ ਦੇ ਕੁੱਝ ਸੱਟਾਂ ਹਨ ਅਤੇ ਉਸ ਦਾ ਰੁੱਕਾ ਥਾਣਾ ਭਦੌੜ ਦੀ ਪੁਲਿਸ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹ ਪੁਲਿਸ ਵੱਲੋਂ ਕੀਤੀ ਜਾਣੀ ਹੈ।
ਮਾਮਲੇ ਦੀ ਜਾਣਕਾਰੀ ਥਾਣਾ ਭਦੌਡ਼ ਦੇ ਐੱਸ.ਐੱਚ.ਓ. ਬਲਤੇਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਸਪਤਾਲ 'ਚੋਂ ਇੱਕ ਨਾਨਕਸਰ ਰੋਡ ਤੋਂ ਕੁਲਵਿੰਦਰ ਕੌਰ ਦਾ ਰੁੱਕਾ ਆਇਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਬਿਆਨ ਲਿਖ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕੁਲਗਾਮ 'ਚ ਅੱਤਵਾਦੀਆਂ ਨੇ ਹਾਈ ਸਕੂਲ ਦੇ ਅਧਿਆਪਕ 'ਤੇ ਕੀਤੀ ਗੋਲੀਬਾਰੀ