ਬਰਨਾਲਾ: ਕੁਝ ਦਿਨ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੀ ਸੂਬਾ ਆਗੂ ਦੇ ਘਰ ਅੱਗੇ ਪੱਕੇ ਮੋਰਚੇ ਦੌਰਾਨ ਕਿਸਾਨ ਜੋਰਾ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦਾ ਚੌਥੇ ਦਿਨ ਵੀ ਅੰਤਮ ਸਸਕਾਰ ਨਹੀਂ ਹੋ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮ੍ਰਿਤਕ ਪਰਿਵਾਰ ਨੂੰ 10 ਲੱਖ ਮੁਆਵਜ਼ਾ ਰਾਸ਼ੀ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ 'ਤੇ ਅੜੀ ਹੋਈ ਹੈ। ਕਿਸਾਨ ਜਥੇਬੰਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮੀਟਿੰਗਾਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਕੋਈ ਸਿੱਟਾ ਨਹੀਂ ਨਿਕਲਿਆ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ 18 ਨਵੰਬਰ ਨੂੰ ਡੀਸੀ ਦਫ਼ਤਰ ਦਾ ਪੱਕੇ ਤੌਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਛੰਨਾਂ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ ਦੇ ਘਰ ਅੱਗੇ ਬਜ਼ੁਰਗ ਕਿਸਾਨ ਜੋਰਾ ਸਿੰਘ ਦੀ ਮੌਤ ਹੋ ਗਈ ਸੀ। ਧਰਨੇ ਪ੍ਰਦਰਸ਼ਨ ਦੌਰਾਨ ਕਿਸੇ ਵੀ ਕਿਸਾਨ ਦੀ ਮੌਤ ਹੋ ਜਾਣ 'ਤੇ ਕਿਸਾਨ ਜਥੇਬੰਦੀ ਦਾ ਐਲਾਨ ਹੈ ਕਿ ਸਰਕਾਰ ਤੋਂ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਮੁਆਵਜ਼ਾ ਰਾਸ਼ੀ ਦਵਾਈ ਜਾਵੇਗੀ। ਕਿਸਾਨ ਜੋਰਾ ਸਿੰਘ ਦੇ ਪਰਿਵਾਰ ਲਈ ਵੀ ਜਥੇਬੰਦੀ ਵੱਲੋਂ 10 ਲੱਖ ਮੁਆਵਜ਼ਾ ਰਾਸ਼ੀ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਅੱਜ ਮੀਟਿੰਗਾਂ ਹੋਈਆਂ ਹਨ, ਪਰ ਇਨ੍ਹਾਂ ਮੀਟਿੰਗਾਂ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਜਿਸ ਕਰਕੇ ਜਥੇਬੰਦੀ ਵੱਲੋਂ 18 ਨਵੰਬਰ ਨੂੰ ਡੀਸੀ ਦਫ਼ਤਰ ਦਾ ਪੱਕੇ ਤੌਰ 'ਤੇ ਘਿਰਾਓ ਕਰਕੇ ਧਰਨਾ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਮ੍ਰਿਤਕ ਜ਼ੋਰਾ ਸਿੰਘ ਦੇ ਪਰਿਵਾਰ ਨੂੰ ਸਰਕਾਰ 10 ਲੱਖ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਨਹੀਂ ਕਰਦਾ। ਉਨ੍ਹਾਂ ਸਮਾਂ ਮ੍ਰਿਤਕ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।