ਬਰਨਾਲਾ: ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਾਰ ਲੈਂਦਿਆਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੁਸਾਇਟੀ ਅਮਰੀਕਾ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੰਦਿਆਂ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸੱਜਣ ਸਿੰਘ ਨਿਵਾਸੀ ਅਮਰੀਕਾ ਨੇ ਦੱਸਿਆ ਕਿ ਕੇਂਦਰ ਨੇ ਪਿਛਲੇ ਸਮੇਂ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਇਹ ਹਿੰਦੋਸਤਾਨ ਵਿਚ ਕਿਸਾਨਾਂ ਵੱਲੋਂ ਧਰਨੇ ਮੁਜ਼ਾਹਰੇ ਦਿੱਤੇ ਗਏ ਸਨ, ਜਿਨ੍ਹਾਂ ਵਿਚ ਕਈ ਕਿਸਾਨ ਵੀਰ ਸ਼ਹੀਦ ਹੋ ਗਏ ਸਨ।
ਉਨ੍ਹਾਂ ਵਿੱਚੋਂ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੋਸਾਇਟੀ ਯੂਐਸਏ ਵੱਲੋਂ 50-50 ਹਜ਼ਾਰ ਰੁਪਏ ਦੇ ਚੈੱਕ ਦੇ ਕੇ ਉਨ੍ਹਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਆਰਥਿਕ ਤੌਰ 'ਤੇ ਕਮਜ਼ੋਰ 101 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ, ਜਿਨ੍ਹਾਂ ਵਿਚ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਸ਼ਹੀਦ ਕਿਸਾਨ ਪਰਿਵਾਰਾਂ ਨੂੰ 20 ਦਿੱਤੇ ਗਏ, ਜਿਲ੍ਹਾ ਸੰਗਰੂਰ ਮੇਘਰਾਜ ਪਿੰਡ ਗੋਬਿੰਦਪੁਰਾ ਨਗਰੀ, ਕਰਨੈਲ ਸਿੰਘ ਪਿੰਡ ਸ਼ੇਰਪੁਰ, ਚਰਨ ਸਿੰਘ ਪਿੰਡ ਗੋਬਿੰਦਪੁਰਾ( ਵੱਡਾ ਬਾਹਮਣਵਾਲਾ) ਗੁਰਪ੍ਰੀਤ ਸਿੰਘ ਪਿੰਡ ਮੀਮਸਾ, ਪਿਆਰਾ ਸਿੰਘ ਪਿੰਡ ਰੰਗੀਆਂ, ਕੌਰ ਸਿੰਘ ਪਿੰਡ ਬੁੱਗਰ, ਬਲਦੇਵ ਸਿੰਘ ਪਿੰਡ ਬੰਗਾਂਵਾਲੀ, ਗੁਰਮੇਲ ਸਿੰਘ ਪਿੰਡ ਕਿਲ੍ਹਾ ਭਰੀਆ, ਪ੍ਰੀਤਮ ਸਿੰਘ ਪਿੰਡ ਬਡਰੁੱਖਾਂ, ਚੇਤ ਸਿੰਘ ਪਿੰਡ ਚੱਠੇ ਸੇਖਵਾਂ, ਮੋਹਨ ਲਾਲ ਪਿੰਡ ਹਰੇੜੀ, ਜਗਤਾਰ ਸਿੰਘ ਪਿੰਡ ਰਾਏਪੁਰ ਅਤੇ ਜਿਲ੍ਹਾ ਬਰਨਾਲਾ ਸੁਖਦੇਵ ਸਿੰਘ ਪਿੰਡ ਰਜ਼ੀਆ ਨੇੜੇ ਧਨੌਲਾ, ਬਲਵੀਰ ਸਿੰਘ ਪਿੰਡ ਹਰਦਾਸਪੁਰਾ ਨੇੜੇ ਮਹਿਲ ਕਲਾਂ, ਚਮਕੌਰ ਸਿੰਘ ਪਿੰਡ ਹਰਦਾਸਪੁਰਾ, ਗੁਰਮੇਲ ਸਿੰਘ ਪਿੰਡ ਮਹਿਲ ਕਲਾਂ, ਕਰਨੈਲ ਸਿੰਘਸਿੰਘ ਪਿੰਡ ਰੂੜੇਕੇ ਕਲ੍ਹਾਂ, ਪਰਮਜੀਤ ਸਿੰਘ ਅਸਪਾਲ ਖੁਰਦ, ਰਾਮ ਸਿੰਘ ਪਿੰਡ ਭਦੌੜ
ਦਾ ਪਰਿਵਾਰ ਵੀ ਸ਼ਾਮਲ ਹੈ।
ਸਮਾਜ ਲਈ ਹੋਰ ਵੀ ਕੀਤੇ ਜਾ ਰਹੇ ਹਨ ਕੰਮ
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਤੱਕ ਗ਼ਰੀਬ ਲੋੜਵੰਦ ਬੱਚਿਆਂ ਲਈ ਇਕ ਸਕੂਲ ਵੀ ਖੋਲ੍ਹਿਆ ਜਾ ਰਿਹਾ ਹੈ, ਜਿਸ ਵਿੱਚ ਅਤਿ ਲੋੜਵੰਦ ਪਰਿਵਾਰਾਂ ਦੇ ਬੱਚੇ ਬਿਲਕੁਲ ਮੁਫ਼ਤ ਪੜ੍ਹਾਏ ਜਾਣਗੇ ਅਤੇ ਬਾਰ੍ਹਵੀਂ ਤੋਂ ਬਾਅਦ ਵੀ ਬੱਚੇ ਕੋਰਸ ਵਗੈਰਾ ਕਰ ਸਕਣਗੇ। ਉਨ੍ਹਾਂ ਦਾ ਖਰਚਾ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੋਸਾਇਟੀ (USA) ਵੱਲੋਂ ਕੀਤਾ ਜਾਵੇਗਾ।
ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਕਿਸਾਨੀ ਸੰਘਰਸ਼ ਦੌਰਾਨ ਫੌਤ ਹੋਏ ਲੋੜਵੰਦ ਪਰਿਵਾਰਾਂ ਦੀ ਸੂਚੀ ਸਿੱਖ ਪ੍ਰਚਾਰਕ ਭਾਈ ਉਪਕਾਰ ਸਿੰਘ ਭਿੰਡਰ ਕਲਾਂ ਵੱਲੋਂ ਤਿਆਰ ਕੀਤੀ ਗਈ ਸੀ।
ਇਸ ਮੌਕੇ ਸਹਾਇਤਾ ਪ੍ਰਾਪਤ ਕਰਨ ਵਾਲੇ ਰਾਮ ਸਿੰਘ ਦੇ ਪੁੱਤਰ ਸ਼ਿੰਦਰਪਾਲ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜੋ ਉੱਦਮ ਕੀਤਾ ਜਾ ਰਿਹਾ ਹੈ ਬੇਹੱਦ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਦੱਬੇ ਕੁਚਲੇ ਕਿਸਾਨਾਂ ਦੀ ਪਰਵਾਹ ਨਾ ਕਰਦਿਆਂ ਉਨ੍ਹਾਂ 'ਤੇ ਕਾਨੂੰਨ ਥੋਪਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੋਸਾਇਟੀ ਯੂਐਸਏ ਵੱਲੋਂ ਉਨ੍ਹਾਂ ਲੋੜਵੰਦ ਕਿਸਾਨ ਪਰਿਵਾਰਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਪੰਜਾਬ ਦੇ 101 ਕਿਸਾਨ ਪਰਿਵਾਰ ਕਦੇ ਵੀ ਨਹੀਂ ਭੁਲਾਉਣਗੇ।
ਇਹ ਵੀ ਪੜ੍ਹੋ:ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਦਾ ਖਹਿਰਾ ਵਲੋਂ ਵਿਰੋਧ