ਬਰਨਾਲਾ: ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਸਰਦ ਰੁੱਤ ਸੁਰੂ ਹੋ ਗਈ ਹੈ। ਜਿਸ ਕਰਕੇ ਪ੍ਰਸ਼ਾਸਨ ਵੱਲੋਂ ਸਰਦ ਰੁੱਤ ਵਿੱਚ ਧੁੰਦ ਤੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਸ਼ੁੱਕਰਵਾਰ ਨੂੰ ਖ਼ਰਾਬ ਮੌਸਮ ਕਾਰਨ ਦਿੱਲੀ ਤੋਂ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਵਿਖੇ ਉਤਰਨਾ ਪਿਆ। ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਮਹਿਲ ਕਲਾਂ ਬਲਤੇਜ ਸਿੰਘ ਨੇ ਦੱਸਿਆ ਕਿ 2 ਵਿਅਕਤੀ ਅਮਰੀਕਾ ਤੋਂ ਦਿੱਲੀ ਏਅਰਪੋਰਟ 'ਤੇ ਉਤਰੇ ਸਨ। ਜਿਹਨਾਂ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਵਿਖੇ ਜਾਣਾ ਸੀ। ਉਹ ਕਿਰਾਏ 'ਤੇ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰਕੇ ਆਪਣੇ ਪਿੰਡ ਧਰਮਕੋਟ ਨੂੰ ਜਾ ਰਹੇ ਸਨ, ਪ੍ਰੰਤੂ ਪਾਇਲਟ ਵੱਲੋ ਖਰਾਬ ਮੌਸਮ ਨੂੰ ਦੇਖਦਿਆਂ ਹੈਲੀਕਾਪਟਰ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੀ ਅਨਾਜ ਮੰਡੀ ‘ਚ ਐਮਰਜੈਂਸੀ ਹਾਲਤਾਂ ‘ਚ ਉਤਾਰਨਾ ਪਿਆ।
ਐਸਐਚਓ ਬਲਤੇਜ ਸਿੰਘ ਨੇ ਦੱਸਿਆ ਕਿ ਇਸ ਹੈਲੀਕਾਪਟਰ ਵਿੱਚ ਇਕ ਇੰਜਨੀਅਰ , ਇਕ ਪਾਇਲਟ ਤੋਂ ਇਲਾਵਾ 2 ਯਾਤਰੀ ਸਨ ਅਤੇ ਸਾਰੇ ਜਣੇ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਦੋਵੇਂ ਯਾਤਰੀ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਪਰਿਵਾਰਕ ਮੈਂਬਰ ਸਨ। ਜਿਨ੍ਹਾਂ ਨੂੰ ਇਕ ਗੱਡੀ ਵਿਚ ਉਨ੍ਹਾਂ ਦੇ ਪਿੰਡ ਧਰਮਕੋਟ ਭੇਜ ਦਿੱਤਾ ਗਿਆ, ਜਦਕਿ ਹੈਲੀਕਾਪਟਰ ਦੇ ਪਾਇਲਟ ਅਤੇ ਇੰਜੀਨੀਅਰ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਪਿੰਡ ਵਾਸੀਆਂ ਵੱਲੋਂ ਕਰ ਦਿੱਤਾ ਗਿਆ ਹੈ। ਇਹ ਹੈਲੀਕਾਪਟਰ ਸ਼ਨੀਵਾਰ ਮੌਸਮ ਠੀਕ ਹੋਣ ਤੋਂ ਬਾਅਦ ਵਾਪਸ ਦਿੱਲੀ ਜਾਵੇਗਾ।
ਜ਼ਿਕਰਯੋਗ ਹੈ ਕਿ ਪਿੰਡ ਕੁਤਬਾ ਵਿਖੇ ਅਚਾਨਕ ਹੈਲੀਕਾਪਟਰ ਉਤਰਨ ਕਾਰਨ ਪਿੰਡ ਵਾਸੀਆਂ ਵਿੱਚ ਪਹਿਲਾਂ ਪਹਿਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਪ੍ਰੰਤੂ ਬਾਅਦ ਵਿੱਚ ਇਸ ਹੈਲੀਕਾਪਟਰ ਨੂੰ ਦੇਖਣ ਲਈ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ।
ਇਹ ਵੀ ਪੜੋ:- ਭਾਰਤ-ਪਾਕਿ ਬਾਰਡਰ ਤੋਂ 1 ਸ਼ੱਕੀ ਪਾਕਿਸਤਾਨੀ ਕਾਬੂ