ਬਰਨਾਲਾ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਬਣਾਈ ਗਈ ਵੈਕਸੀਨ ਦਾ ਟੀਕਾਕਰਨ ਪੰਜਾਬ 'ਚ ਸਿਹਤ ਵਿਭਾਗ ਨੇ ਸ਼ੁਰੂ ਕੀਤਾ। ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲ ਅਤੇ ਤਪਾ ਵਿਖੇ ਕੋਰੋਨਾ ਵੈਕਸੀਨੇਸ਼ਨ ਦਾ ਪਹਿਲੇ ਪੜਾਅ ਤਹਿਤ ਸਿਹਤ ਕਰਮਚਾਰੀਆਂ ਨੂੰ ਲਗਾਇਆ ਗਿਆ। ਸਥਾਨਕ ਸਰਕਾਰੀ ਹਸਪਤਾਲ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਲੱਗਾ ਕੇ ਸ਼ੁਰੂਆਤ ਕੀਤੀ ਹੈ। ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਡਾ.ਰਜਿੰਦਰ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਲਗਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਿਵਲ ਸਰਜਨ ਡਾ.ਹਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਿਹਤ ਕਰਮਚਾਰੀਆਂ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਬਰਨਾਲਾ ਅਤੇ ਤਪਾ ਦੇ ਸਰਕਾਰੀ ਹਸਪਤਾਲ ਵਿੱਚ 100-100 ਸਿਹਤ ਕਰਮਚਾਰੀਆਂ ਦੇ ਕੋਰੋਨਾ ਦਾ ਟੀਕਾਕਰਨ ਕੀਤਾ ਜਾਵੇਗਾ। ਅਗਲੇ ਪੜਾਅ ਤਹਿਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਮੌਕੇ ਫ਼ਰੰਟਲਾਈਨ 'ਤੇ ਕੰਮ ਕਰਨ ਵਾਲੇ ਪੁਲਿਸ, ਸਫ਼ਾਈ, ਨਗਰ ਕੌਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।
ਇਸ ਮੌਕੇ ਕੋਰੋਨਾ ਵੈਕਸੀਨ ਦਾ ਟੀਕਾਕਰਨ ਲਗਵਾਉਣ ਵਾਲੇ ਡਾਕਟਰਾਂ ਨੇ ਦੱਸਿਆ ਕਿ ਇਸ ਵੈਕਸੀਨ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਨੇ ਬਹੁਤ ਮਿਹਨਤ ਨਾਲ ਇਸ ਵੈਕਸੀਨ ਨੂੰ ਤਿਆਰ ਕੀਤਾ ਹੈ। ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ ਲਈ ਸਾਨੂੰ ਸਭ ਨੂੰ ਕੋਰੋਨਾ ਮਹਾਂਮਾਰੀ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।