ਬਰਨਾਲਾ: ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਵੱਲੋਂ ਅਨਲਾਕ-3 ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਕੇਂਦਰ ਸਰਕਾਰ ਨੇ ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਹੈ। ਲੋਕਾਂ ਵੱਲੋਂ ਵੱਡੇ ਪੱਧਰ 'ਤੇ ਜਿੰਮ ਖੋਲਣ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ਦੇ ਜਿੰਮ ਖੋਲ੍ਹਣ ਦੇ ਫ਼ੈਸਲੇ ਦਾ ਜਿੰਮ ਮਾਲਕਾਂ ਅਤੇ ਨੌਜਵਾਨਾਂ ਨੇ ਸਵਾਗਤ ਕੀਤਾ ਹੈ।
ਇਸ ਸਬੰਧੀ ਬਰਨਾਲਾ ਦੇ ਜਿੰਮ ਮਾਲਕ ਦਿਲਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਜਿੰਮ ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਜਿੰਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਾਫੀ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਚੰਗੀ ਕਮਾਈ ਹੁੰਦੀ ਹੈ, ਪਰ ਪਿਛਲੇ ਚਾਰ ਮਹੀਨੇ ਜਿੰਮ ਬਿਲਕੁਲ ਬੰਦ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਰੱਖੀ ਜਾਵੇਗੀ ਅਤੇ ਸੈਨੇਟਾਈਜ਼ਰ ਦੇ ਵੀ ਪ੍ਰਬੰਧ ਕੀਤੇ ਜਾਣਗੇ।
ਜਿੰਮ ਲਗਾਉਣ ਦੇ ਚਾਹਵਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਿੰਮ ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਚਾਰ ਮਹੀਨੇ ਉਨ੍ਹਾਂ ਨੇ ਘਰ ਬੈਠ ਕੇ ਬਹੁਤ ਮੁਸ਼ਕਲ ਨਾਲ ਕੱਢੇ ਹਨ ਅਤੇ ਹੁਣ ਉਨ੍ਹਾਂ ਨੂੰ ਜਿੰਮ ਖੋਲ੍ਹਣ ਦੀ ਖੁਸ਼ੀ ਹੈ। ਕਿਉਂਕਿ ਜਿੰਮ ਵਿੱਚ ਸ਼ਰੀਰਕ ਕਸਰਤ ਕਰਨ ਨਾਲ ਜਿੱਥੇ ਸਰੀਰਕ ਤੰਦਰੁਸਤੀ ਹੁੰਦੀ ਹੈ, ਉੱਥੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ।